ਕੋਰੋਨਾ ਦੀ ਆਫ਼ਤ ਦੌਰਾਨ ਇਸ ਦੇਸ਼ ਦੇ ਡਾਕਟਰਾਂ ਦਾ ਦਾਅਵਾ, ਕੋਰੋਨਾ ਨੂੰ ਜੜ੍ਹੋਂ ਖਤਮ ਕਰੇਗੀ ਇਹ ਦਵਾਈ

ਨੈਸ਼ਨਲ ਡੈਸਕ : ਪਿਛਲੇ ਕਈ ਮਹੀਨਿਆਂ ਤੋਂ ਕੋਰੋਨਾ ਦੀ ਲਾਗ ਨਾਲ ਜੂਝ ਰਹੇ ਲੋਕਾਂ ਲਈ ਇਹ ਖਬਰ ਰਾਹਤ ਭਰੀ ਹੋ ਸਕਦੀ ਹੈ। ਆਸਟਰੇਲੀਆ ਦੇ ਖੋਜਕਾਰਾਂ ਨੇ ਇਕ ਅਜਿਹੀ ਐਂਟੀ ਵਾਇਰਲ ਦਵਾਈ ਤਿਆਰ ਕੀਤੀ ਹੈ, ਜੋ ਚੂਹਿਆਂ ਦੇ ਫੇਫੜਿਆਂ ’ਚ 99.9 ਫੀਸਦੀ ਕੋਰੋਨਾ ਦੀ ਲਾਗ ਨੂੰ ਖਤਮ ਕਰਨ ’ਚ ਕਾਮਯਾਬ ਰਹੀ ਹੈ। ਹਾਲਾਂਕਿ ਇਸ ਦਵਾਈ ਨੂੰ ਬਾਜ਼ਾਰ ’ਚ ਆਉਣ ’ਚ ਅਜੇ ਸਮਾਂ ਲੱਗ ਸਕਦਾ ਹੈ।
ਇਸ ਥੈਰੇਪੀ ਨੂੰ ਆਸਟਰੇਲੀਆ ਦੀ ਕਵੀਨਜ਼ਲੈਂਡ ਯੂਨੀਵਰਸਿਟੀ ਦੇ ਮੈਨਜਿਸ ਹੈਲਥ ਇੰਸਟੀਚਿਊਟ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਇਸ ਨੂੰ ਨੈਕਸਟ ਜਨਰੇਸ਼ਨ ਟਰੀਟਮੈਂਟ ਮੰਨਿਆ ਜਾ ਰਿਹਾ ਹੈ। ਇਹ ਥੈਰੇਪੀ ਇਕ ਮੈਡੀਕਲ ਤਕਨੀਕ ਦੇ ਸਹਾਰੇ ਕੰਮ ਕਰਦੀ ਹੈ, ਜਿਸ ਦਾ ਨਾਂ ਜੀਨ ਸਾਈਲੈਂਸਿੰਗ ਹੈ, ਆਸਟਰੇਲੀਆ ’ਚ ਇਸ ਤਕਨੀਕ ਦੀ ਖੋਜ 1990 ਦੇ ਦੌਰ ’ਚ ਹੋਈ ਸੀ। ਇਸ ਟਰੀਟਮੈਂਟ ਨੂੰ ਇੰਜੈਕਸ਼ਨ ਦੇ ਸਹਾਰੇ ਦਿੱਤਾ ਜਾਏਗਾ। ਜੀਨ ਸਾਈਲੈਂਸਿੰਗ ਦੇ ਸਹਾਰੇ ਆਰ. ਐੱਨ. ਏ. ਦੀ ਵਰਤੋਂ ਵਾਇਰਸ ’ਤੇ ਅਟੈਕ ਕਰਨ ਲਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਫਾਈਜ਼ਰ ਤੇ ਮਾਡਰਨਾ ਕੋਵਿਡ ਵੈਕਸੀਨਾਂ ’ਚ ਆਰ. ਐੱਨ. ਏ. ਨੂੰ ਮੈਡੀਫਾਈ ਕੀਤਾ ਜਾਂਦਾ ਹੈ ਤੇ ਇਨ੍ਹਾਂ ਵੈਕਸੀਨਾਂ ’ਚ 95 ਫੀਸਦੀ ਬੀਮਾਰੀ ਨੂੰ ਖਤਮ ਕਰਨ ਦੀ ਸਮਰੱਥਾ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਇਸ ਨਵੀਂ ਥੈਰੇਪੀ ਨੂੰ ਉਨ੍ਹਾਂ ਲੋਕਾਂ ਲਈ ਤਿਆਰ ਕੀਤਾ ਜਾ ਰਿਹਾ ਹੈ, ਜੋ ਕੋਰੋਨਾ ਕਾਰਨ ਗੰਭੀਰ ਤੌਰ ’ਤੇ ਬੀਮਾਰ ਹੈ ਤੇ ਜਿਨ੍ਹਾਂ ’ਤੇ ਵੈਕਸੀਨਾਂ ਵੀ ਬੇਅਸਰ ਹੋ ਚੁੱਕੀਆਂ ਹਨ।
ਇਸ ਯੂਨੀਵਰਸਿਟੀ ਦੇ ਖੋਜਕਾਰ ਨਿਗੇਲ ਮੈਕਮਿਲਨ ਨੇ ਕਿਹਾ ਕਿ ਇਸ ਥੈਰੇਪੀ ਦੇ ਸਹਾਰੇ ਵਾਇਰਸ ਨੂੰ ਨਵੇਂ ਰੂਪ ’ਚ ਤਬਦੀਲ ਹੋਣ ਤੋਂ ਰੋਕਿਆ ਜਾ ਸਕਦਾ ਹੈ। ਮੈਕਮਿਲਨ ਨੇ ਕਿਹਾ ਕਿ ਉਮੀਦ ਹੈ ਕਿ ਇਸ ਟਰੀਟਮੈਂਟ ਦੇ ਨਾਲ ਹੀ ਦੁਨੀਆ ਭਰ ’ਚ ਹੋ ਰਹੀਆਂ ਮੌਤਾਂ ’ਚ ਵੀ ਜ਼ਬਰਦਸਤ ਕਮੀ ਦੇਖਣ ਨੂੰ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਟਰੀਟਮੈਂਟ ਕਿਸੇ ਵੀ ਕੋਰੋਨਾ ਦੀ ਲਾਗ ਤੋਂ ਪੀੜਤ ਸ਼ਖਸ ਦੇ ਫੇਫੜਿਆਂ ’ਚ ਜਾ ਕੇ ਲਾਗ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ। ਹਾਲਾਂਕਿ ਇਸ ਟਰੀਟਮੈਂਟ ਦਾ ਹੁਣ ਤਕ ਚੂਹਿਆਂ ’ਤੇ ਟ੍ਰਾਇਲ ਕੀਤਾ ਗਿਆ ਹੈ ਤੇ ਅਜੇ ਇਹ ਪੂਰੀ ਤਰ੍ਹਾਂ ਪੱਕਾ ਨਹੀਂ ਹੈ ਕਿ ਇਨਸਾਨਾਂ ’ਤੇ ਕਿੰਨਾ ਪ੍ਰਭਾਵਸ਼ਾਲੀ ਜਾ ਮਨੁੱਖਾਂ ਲਈ ਜ਼ਿਆਦਾ ਸੁਰੱਖਿਅਤ ਹੋਣ ਜਾ ਰਿਹਾ ਹੈ।
ਇਸ ਥੈਰੇਪੀ ਨਾਲ ਜੁੜੇ ਰਿਸਰਚਰਜ਼ ਨੂੰ ਯਕੀਨ ਹੈ ਕਿ ਇਸ ਟਰੀਟਮੈਂਟ ਰਾਹੀਂ ਸਰੀਰ ਦੇ ਸਾਧਾਰਨ ਸੈੱਲ ’ਤੇ ਕੋਈ ਅਸਰ ਨਹੀਂ ਪਵੇਗਾ। ਆਸਟ੍ਰੇਲੀਆ ਵਾਂਗ ਹੀ ਬ੍ਰਿਟੇਨ ਵੀ ਇਕ ਐਂਟੀ ਵਾਇਰਲ ਟਾਸਕ ਫੋਰਸ ਤਿਆਰ ਕਰ ਰਿਹਾ ਹੈ। ਇਸ ਟਾਸਕ ਫੋਰਸ ਦਾ ਉਦੇਸ਼ ਨਵੀਆਂ ਥੈਰੇਪੀਆਂ ’ਤੇ ਕੰਮ ਕਰਨਾ ਹੈ ਉਨ੍ਹਾਂ ਨੂੰ ਫੰਡ ਕਰਨਾ ਹੈ ਤਾਂ ਕਿ ਕੋਰੋਨਾ ਵਾਇਰਸ ਜਿਵੇਂ ਹੀ ਖਤਰਨਾਕ ਵਾਇਰਸਾਂ ਨੂੰ ਲੈ ਕੇ ਇਕ ਬਲਿਊ ਪ੍ਰਿੰਟ ਤਿਆਰ ਕੀਤਾ ਜਾ ਸਕੇ।