ਕੇਂਦਰੀ ਮੰਤਰੀ ਦਾ ਦਿੱਲੀ ਦੇ CM ਨੂੰ ਜਵਾਬ- ਕੇਜਰੀਵਾਲ ਜੀ, ਮਾਰਚ 2020 ਤੋਂ ਹੀ ਬੰਦ ਹਨ ਸਿੰਗਾਪੁਰ ਦੀਆਂ ਉਡਾਣਾਂ

ਨਵੀਂ ਦਿੱਲੀ– ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਸਿੰਗਾਪੁਰ ਦੀ ਸਥਿਤੀ ’ਤੇ ਕੇਂਦਰ ਸਰਕਾਰ ਦੀ ਨਜ਼ਰ ਹੈ ਅਤੇ ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ। ਪੁਰੀ ਨੇ ਟਵਿਟਰ ’ਤੇ ਕਿਹਾ ਕਿ ਕੇਜਰੀਵਾਲ ਜੀ, ਸਾਰੀਆਂ ਅੰਤਰਰਾਸ਼ਟਰੀ ਉਡਾਣਾਂ 23 ਮਾਰਚ 2020 ਤੋਂ ਹੀ ਬੰਦ ਹਨ। ਸਿੰਗਾਪੁਰ ਦੇ ਨਾਲ ਸਾਡਾ ਏਅਰ ਬਬਲ ਵੀ ਨਹੀਂ ਹੈ। ਪੁਰੀ ਨੇ ਕਿਹਾ ਕਿ ਵੰਦੇ ਭਾਰਤ ਮਿਸ਼ਨ ਤਹਿਤ ਦੋਵਾਂ ਦੇਸ਼ਾਂ ਵਿਚਕਾਰ ਕੁਝ ਉਡਾਣਾਂ ਜਾਰੀ ਹਨ ਤਾਂ ਜੋ ਉਥੇ ਫਸੇ ਭਾਰਤੀਆਂ ਨੂੰ ਵਾਪਸ ਲਿਆਇਆ ਜਾ ਸਕੇ ਕਿਉਂਕਿ ਉਹ ਲੋਕ ਸਾਡੇ ਹੀ ਹਨ।
ਪੁਰੀ ਨੇ ਕਿਹਾ ਕਿ ਸਥਿਤੀ ’ਤੇ ਹੁਣ ਵੀ ਸਾਡੀ ਨਜ਼ਰ ਹੈ। ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ। ਫਿਲਹਾਲ, ਮਈ 2020 ਤੋਂ ਵੰਦੇ ਭਾਰਤ ਮਿਸ਼ਨ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਦਾ ਸੰਚਾਨਲ ਹੋ ਰਿਹਾ ਹੈ। ਦੱਸ ਦੇਈਏ ਕਿ ਕੇਜਰੀਵਾਲ ਨੇ ਮੰਗਲਵਾਰ ਨੂੰ ਕੇਂਦਰ ਨੂੰ ਅਪੀਲ ਕੀਤੀ ਸੀ ਕਿ ਸਿੰਗਾਪੁਰ ਤੋਂ ਸਾਰੀਆਂ ਹਵਾਈ ਸੇਵਾਵਾਂ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਥੇ ਕੋਰੋਨਾ ਵਾਇਰਸ ਦਾ ਨਵਾਂ ਪ੍ਰਕਾਰ ਮਿਲਿਆ ਹੈ ਜਿਸ ਨੂੰ ਬੱਚਿਆਂ ਲਈ ਕਾਫ਼ੀ ਖ਼ਤਰਨਾਕ ਦੱਸਿਆ ਜਾ ਰਿਹਾ ਹੈ।