ਦਿੱਲੀ: ਆਕਸੀਜਨ ਕੰਸਨਟ੍ਰੇਟਰ ਦੀ ਕਾਲਾਬਾਜ਼ਾਰੀ ਮਾਮਲੇ ’ਚ ਨਵਨੀਤ ਕਾਲਰਾ ਗਿ੍ਰਫ਼ਤਾਰ

ਨਵੀਂ ਦਿੱਲੀ— ਦਿੱਲੀ ਪੁਲਸ ਨੇ ਆਕਸੀਜਨ ਕੰਸਨਟ੍ਰੇਟਰ ਦੀ ਕਾਲਾਬਾਜ਼ਾਰੀ ’ਚ ਫਸੇ ਨਵਨੀਤ ਕਾਲਰਾ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਦਿੱਲੀ ਦੇ ਮਸ਼ਹੂਰ ਖਾਨ ਚਾਚਾ ਰੈਸਟੋਰੈਂਟ ਦੇ ਮਾਲਕ ਨਵਨੀਤ ਨੂੰ ਕ੍ਰਾਈਮ ਬਰਾਂਚ ਨੇ ਐਤਵਾਰ ਰਾਤ ਨੂੰ ਗਿ੍ਰਫ਼ਤਾਰ ਕੀਤਾ। ਕਾਲਰਾ ਨੇ ਅਗਾਊਂ ਜ਼ਮਾਨਤ ਲਈ ਹਾਈ ਕੋਰਟ ਦਾ ਰੁਖ਼ ਕੀਤਾ ਸੀ ਪਰ ਉਸ ਨੂੰ ਰਾਹਤ ਨਹੀਂ ਮਿਲੀ ਸੀ।
ਦੱਸ ਦੇਈਏ ਕਿ ਬੀਤੇ ਦਿਨੀਂ ਆਕਸੀਜਨ ਕੰਸਨਟ੍ਰੇਟਰ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਦਿੱਲੀ ਪੁਲਸ ਨੇ ਕਈ ਰੈਸਟੋਰੈਂਟਾਂ ਵਿਚ ਛਾਪੇ ਮਾਰੇ ਸਨ। ਇਸ ਦੌਰਾਨ ਖਾਨ ਚਾਚਾ ਰੈਸਟੋਰੈਂਟ, ਲੋਧੀ ਕਾਲੋਨੀ ਸਥਿਤ ਨੇਗੇ ਜੂ ਰੈਸਟੋਰੈਂਟ ਵਿਚ ਵੀ ਛਾਪਾ ਮਾਰਿਆ ਗਿਆ ਸੀ। ਇਸ ਰੈਸਟੋਰੈਂਟ ਦਾ ਮਾਲਕ ਨਵਨੀਤ ਕਾਲਰਾ ਹੈ। ਇੱਥੇ ਵੱਡੀ ਮਾਤਰਾ ਵਿਚ ਆਕਸੀਜਨ ਕੰਸਨਟ੍ਰੇਟਰ ਬਰਾਮਦ ਹੋਏ।
ਇਸ ਆਕਸੀਜਨ ਕੰਸਨਟ੍ਰੇਟਰ ਦੀ ਕਾਲਾਬਾਜ਼ਾਰੀ ਮਾਮਲੇ ਵਿਚ ਨਵਨੀਤ ਨੇ ਗਿ੍ਰਫ਼ਤਾਰੀ ਦਾ ਖ਼ਦਸ਼ਾ ਜਤਾਉਂਦੇ ਹੋਏ ਕੋਰਟ ਤੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ। ਪਟੀਸ਼ਨ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਖ਼ਿਲਾਫ਼ ਕੋਈ ਮਾਮਲਾ ਨਹੀਂ ਬਣਦਾ ਹੈ ਪਰ ਕੋਰਟ ਨੇ ਕਾਲਰਾ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਦੋਸ਼ੀਆਂ ਨੂੰ ਹਿਰਾਸਤ ’ਚ ਲੈ ਕੇ ਪੁੱਛ-ਗਿੱਛ ਜ਼ਰੂਰੀ ਹੈ। ਜਿਸ ਤੋਂ ਬਾਅਦ ਫਰਾਰ ਚੱਲ ਰਹੇ ਨਵਨੀਤ ਕਾਲਰਾ ਨੂੰ ਦਿੱਲੀ ਕ੍ਰਾਈਮ ਬਰਾਂਚ ਨੇ ਗਿ੍ਰਫ਼ਤਾਰ ਕਰ ਲਿਆ।