ਕੋਰੋਨਾ ਖ਼ਿਲਾਫ਼ ਜੰਗ ‘ਚ ਭਾਰਤ ਦੀ ਮਦਦ ਕਰਨਗੀਆਂ ਅਮਰੀਕਾ ਦੀਆਂ ਨਰਸਾਂ

ਵਾਸ਼ਿੰਗਟਨ : ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਤਬਾਹੀ ਮਚਾਈ ਹੋਈ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਕਈ ਦੇਸ਼ ਮਦਦ ਲਈ ਅੱਗੇ ਆਏ ਹਨ। ਇਸ ਦੌਰਾਨ ਅਮਰੀਕਾ ਵਿਚ ਸੇਵਾਵਾਂ ਦੇ ਰਹੀਆਂ ਨਰਸਾਂ ਦੇ ਇਕ ਸਮੂਹ ਨੇ ਜਦੋ ਇਸ ਬਾਰੇ ਸੁਣਿਆ ਤਾਂ ਉਹਨਾਂ ਨੇ ਭਾਰਤ ਦੀ ਮਦਦ ਕਰਨ ਦਾ ਸੰਕਲਪ ਲਿਆ। ਇਸ ਦੇ ਤਹਿਤ 100 ਤੋਂ ਜ਼ਿਆਦਾ ਨਰਸਾਂ ਨੌਕਰੀ ਅਤੇ ਪਰਿਵਾਰ ਛੱਡ ਕੇ ਭਾਰਤ ਆ ਰਹੀਆਂ ਹਨ। ਇਹਨਾਂ ਦੀ ਸਰਕਾਰ ਤੋਂ ਵੀਜ਼ਾ ਅਤੇ ਗੈਰ ਜ਼ਰੂਰੀ ਮਨਜ਼ੂਰੀ ਨੂੰ ਲੈਕੇ ਗੱਲਬਾਤ ਜਾਰੀ ਹੈ। ਕੋਸ਼ਿਸ਼ ਇਹ ਹੈ ਕਿ 50 ਤੋਂ ਵੱਧ ਨਰਸਾਂ ਦਾ ਪਹਿਲਾ ਸਮੂਹ ਜੂਨ ਦੇ ਪਹਿਲੇ ਹਫ਼ਤੇ ਵਿਚ ਭਾਰਤ ਪਹੁੰਚ ਜਾਵੇ। ਇਸ ਸਮੂਹ ਨੂੰ ‘ਅਮੇਰਿਕਨ ਨਰਸ ਆਨ ਏ ਮਿਸ਼ਨ’ ਨਾਮ ਦਿੱਤਾ ਗਿਆ ਹੈ।
ਇਹ ਆਈਡੀਆ ਵਾਸ਼ਿੰਗਟਨ ਵਿਚ ਨਰਸ ਚੇਲਸੀਆ ਵਾਲਸ਼ ਦਾ ਹੈ। ਉਹਨਾਂ ਨੇ ‘ਟ੍ਰੈਵਲਿੰਗ ਨਰਸ’ ਨਾਮ ਦੇ ਗਰੁੱਪ ਵਿਚ ਭਾਰਤ ਦੇ ਹਸਪਤਾਲਾਂ ਅਤੇ ਸਮੂਹਿਕ ਅੰਤਿਮ ਸੰਸਕਾਰ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ,”ਇਹ ਸਭ ਦੇਖ ਕੇ ਮੇਰਾ ਮਨ ਦੁਖੀ ਹੈ ਅਤੇ ਮੈਂ ਭਾਰਤ ਜਾਣ ਬਾਰੇ ਸੋਚ ਰਹੀ ਹਾਂ।” ਵਾਲਸ਼ ਭਾਰਤ ਵਿਚ ਇਕ ਯਤੀਮਖਾਨੇ ਵਿਚ ਵਾਲੰਟੀਅਰ ਦੇ ਤੌਰ ‘ਤੇ ਪਹਿਲਾਂ ਵੀ ਸੇਵਾਵਾਂ ਦੇ ਚੁੱਕੀ ਹੈ। ਉਹ ਕਹਿੰਦੀ ਹੈ,”ਬੀਤੇ ਹਫ਼ਤੇ ਇਸ ਪੋਸਟ ਦੇ ਬਾਅਦ ਤੋਂ ਮੇਰਾ ਫੋਨ ਲਗਾਤਾਰ ਵਜ ਰਿਹਾ ਹੈ। ਕੁਝ ਦਿਨਾਂ ਵਿਚ ਭਾਰਤ ਦੀ ਮਦਦ ਲਈ ਪੂਰੇ ਅਮਰੀਕਾ ਭਰ ਤੋਂ ਨਰਸਾਂ ਨੇ ਸੰਪਰਕ ਕੀਤਾ ਹੈ। ਮੁਸ਼ਕਲ ਸਮੇਂ ਵਿਚ ਭਾਰਤ ਨੂੰ ਮੈਡੀਕਲ ਪੇਸ਼ੇਵਰਾਂ ਦੀ ਲੋੜ ਹੈ। ਅਸੀਂ ਕੁਝ ਚਮਤਕਾਰ ਨਹੀਂ ਕਰ ਸਕਦੇ ਪਰ ਆਪਣਾ ਸਭ ਕੁਝ ਤਾਂ ਲਗਾ ਸਕਦੇ ਹਾਂ।ਵਾਲਸ਼ ਨੇ ‘ਮਿਸ਼ਨ ਇੰਡੀਆ’ਮੁਹਿੰਮ ਨਾਲ ਜੁੜਨ ਦੀਆਂ ਚਾਹਵਾਨ ਨਰਸਾਂ ਨੂੰ ਪਹਿਲਾਂ ਚਿਤਾਵਨੀ ਵੀ ਦਿੱਤੀ ਹੈ ਅਤੇ ਉਹਨਾਂ ਨੂੰ ਸਾਰੀਆਂ ਮੁਸ਼ਕਲਾਂ ਬਾਰੇ ਦੱਸਿਆ ਹੈ।
ਇਸ ‘ਤੇ ਨਰਸਾਂ ਕਹਿੰਦੀਆਂ ਹਨ ਕਿ ਸਾਨੂੰ ਚੁਣੌਤੀਆਂ ਮਨਜ਼ੂਰ ਹਨ। ਆਪਣਾ ਗਰੁੱਪ ਬਣਾਉਣ ਦੇ ਬਾਅਦ ਟੀਮ ‘ਟਰਨ ਯੋਰ ਕੰਸਰਨ ਇਨਟੂ ਐਕਸ਼ਨ ਫਾਊਂਡੇਸ਼ਨ’ ਨਾਲ ਜੁੜੀ ਹੈ, ਜੋ ਭਾਰਤ ਵਿਚ ਇਹਨਾਂ ਦੇ ਰੁੱਕਣ-ਠਹਿਰਨ ਵਿਚ ਸਹਿਯੋਗ ਕਰੇਗਾ। ਭਾਰਤ ਜਾ ਰਹੀ ਨਰਸ ਮੋਰਗਨ ਕ੍ਰੇਨ ਕਹਿੰਦੀ ਹੈ ਕਿ ਅਮਰੀਕਾ ਵਿਚ ਕੋਵਿਡ ਤੋਂ ਲੋਕਾਂ ਦੀਆਂ ਮੌਤਾਂ ਨੇ ਮੈਨੂੰ ਬਦਲ ਦਿੱਤਾ ਹੈ। ਇਹ ਜਿੰਨਾ ਚੁਣੌਤੀਪੂਰਨ ਸੀ, ਮੈਂ ਅੰਦਾਜ਼ਾ ਵੀ ਨਹੀਂ ਲਗਾ ਸਕਦੀ ਸੀ ਕਿ ਭਾਰਤ ਦੇ ਲੋਕਾਂ ਲਈ ਇਹ ਕਿੰਨਾ ਮੁਸ਼ਕਲ ਸਮਾਂ ਹੈ। ਅਸੀਂ ਨੌਕਰੀ, ਪਰਿਵਾਰ ਛੱਡ ਕੇ ਦਿੱਲੀ ਜਾ ਰਹੇ ਹਾਂ। ਅਸੀਂ ਛੋਟੇ ਅਸਥਾਈ ਕੋਵਿਡ ਹਸਪਤਾਲਾਂ ਵਿਚ ਕੰਮ ਕਰਾਂਗੇ। ਸਾਡੀ ਮੁੱਢਲਾ ਧਿਆਨ ਛੋਟੇ ਕਮਜੋਰ ਹਸਪਤਾਲਾਂ ਨੂੰ ਚਲਾਉਣ ‘ਤੇ ਹੈ ਜਿਹਨਾਂ ਕੋਲ ਸੰਸਾਧਨ ਨਹੀਂ ਹਨ।
ਇਸੇ ਟੀਮ ਵਿਚ ਹੀਥਰ ਫੋਰਟੋਫਰ ਵੀ ਹਨ। ਉਹ ਕਹਿੰਦੀ ਹੈ ਕਿ ਮੇਰੇ ਦੋਸਤਾਂ ਨੇ ਮੈਨੂੰ ਨਾ ਜਾਣ ਦੀ ਸਲਾਹ ਦਿੱਤੀ। ਉਹਨਾਂ ਨੇ ਕਿਹਾ ਕਿ ਦਾਨ ਅਤੇ ਮੈਡੀਕਲ ਉਪਕਰਨ ਭੇਜ ਕੇ ਵੀ ਮਦਦ ਕੀਤੀ ਜਾ ਸਕਦੀ ਹੈ। ਮੈਂ ਕਿਹਾ ਕਿ ਇਹ ਹਰ ਕੋਈ ਕਰ ਸਕਦਾ ਹੈ ਪਰ ਹਰ ਕੋਈ ਉੱਥੇ ਨਹੀਂ ਜਾ ਸਕਦਾ। ਹੀਥਰ ਦੋ ਸਾਲ ਪਹਿਲਾਂ ਰਿਟਾਇਰ ਹੋਈ ਸੀ ਪਰ ਬੀਤੇ ਸਾਲ ਜਦੋਂ ਅਮਰੀਕਾ ਕੋਵਿਡ ਦੀ ਚਪੇਟ ਵਿਚ ਆਇਆ ਤਾਂ ਉਹ ਕੰਮ ‘ਤੇ ਪਰਤ ਆਈ ਸੀ। ਉਦੋਂ ਤੋਂ ਅਮਰੀਕਾ ਵਿਚ ਉਹਨਾਂ ਥਾਵਾਂ ‘ਤੇ ਜਾ ਰਹੀ ਹੈ ਜਿੱਥੇ ਨਰਸਾਂ ਦੀ ਕਮੀ ਹੈ। ਇਸ ਤੋਂ ਪਹਿਲਾਂ ਉਹ ਕਦੇ ਦੂਜੇ ਦੇਸ਼ ਨਹੀਂ ਗਈ ਹੈ। ਫਲੋਰੀਡਾ ਦੀ ਨਰਸ ਜੇਨਿਫਰ ਪਕੇਟ ਬੱਚਿਆਂ ਦੀ ਡਾਕਟਰ ਅਤੇ ਨਵਜੰਮੇ ਬੱਚਿਆਂ ਦੇ ਆਈ.ਸੀ.ਯੂ. ਮਾਮਲਿਆਂ ਵਿਚ ਮਾਹਰ ਹੈ। ਉਹ ਕਹਿੰਦੀ ਹੈ ਕਿ ਮੇਰੇ ਕੋਲ ਖਾਸ ਯੋਗਤਾ ਹੈ। ਇਸ ਯੋਗਤਾ ਦੀ ਦੂਜਿਆਂ ਨੂੰ ਲੋੜ ਹੈ ਅਤੇ ਇਸ ਵੇਲੇ ਭਾਰਤ ਨੂੰ ਮੇਰੀ ਲੋੜ ਹੈ।
ਜੁਟਾਏ 12 ਲੱਖ ਰੁਪਏ
ਇਹ ਟੀਮ ਮੁਫਤ ਸੇਵਾਵਾਂ ਦੇਵੇਗੀ ਅਤੇ ਆਪਣਾ ਖਰਚ ਖੁਦ ਚੁੱਕੇਗੀ। ਕੁਝ ਨਰਸਾਂ ਵੱਡੇ ਖਰਚ ਜਿਵੇਂ ਟ੍ਰੈਵਲ (6 ਲੱਖ ਰੁਪਏ ਰਾਊਂਡਟ੍ਰਿਪ) ਦਾ ਖਰਚ ਨਹੀਂ ਦੇ ਸਕਦੀਆਂ ਇਸ ਲਈ ਉਹਨਾਂ ਨੇ ਕ੍ਰਾਊਡਫੰਡਿੰਗ ਪਲੇਟਫਾਰਮ ਗੋਫੰਡਮੀ ਵਿਚ ‘ਅਮੇਰਿਕਨ ਨਰਸਿਜ਼ ਆਨ ਏ ਮਿਸ਼ਨ ਟੂ ਇੰਡੀਆ’ ਨਾਮ ਨਾਲ ਪਟੀਸ਼ਨ ਲਗਾਈ ਹੈ। ਇਸ ਦੀ ਟੀਚਾ 50 ਹਜ਼ਾਰ ਡਾਲਰ (36.6 ਲੱਖ ਰੁਪਏ) ਜੁਟਾਉਣ ਦਾ ਹੈ। ਟੀਮ ਐਤਵਾਰ ਤੱਕ 12 ਲੱਖ ਰੁਪਏ ਜੁਟਾ ਚੁੱਕੀ ਸੀ।