ਨਾਭਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਵਿੱਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਮਹਾਮਾਰੀ ਦੇ ਚੱਲਦੇ ਅਨੇਕਾਂ ਹੀ ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ ਅਤੇ ਦਿਨੋਂ-ਦਿਨ ਇਹ ਆਂਕੜਾ ਵੱਧ ਰਿਹਾ ਹੈ। ਕੋਰੋਨਾ ਦਾ ਪ੍ਰਕੋਪ ਹੁਣ ਪਿੰਡਾਂ ਵੱਲ ਵੀ ਵਿਖਾਈ ਦੇ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਅਜਨੌਦਾ ਕਲਾਂ ਵਿਖੇ, ਜਿੱਥੇ ਪਿਛਲੇ ਕੁਝ ਦਿਨਾਂ ਵਿਚ ਹੀ 12 ਮੌਤਾਂ ਹੋਣ ਤੋਂ ਬਾਅਦ ਪਿੰਡ ਵਾਸੀ ਕੋਰੋਨਾ ਦੇ ਸਾਏ ਹੇਠ ਘੁੱਟ-ਘੁੱਟ ਕੇ ਜ਼ਿੰਦਗੀ ਬਸਰ ਕਰ ਰਹੇ ਹਨ। ਪਿੰਡ ਦੀਆਂ ਗਲੀਆਂ ਅਤੇ ਸੱਥਾਂ ਖਾਲ੍ਹੀ ਨਜ਼ਰ ਆ ਰਹੀਆਂ ਹਨ। ਲੋਕ ਆਪਣੇ ਘਰਾਂ ਵਿਚ ਬੈਠਣ ਨੂੰ ਮਜਬੂਰ ਹਨ, ਕਿਉਂਕਿ ਇਸ ਪਿੰਡ ਵਿਚ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਪਿੰਡ ਵਿਚ ਮੌਤਾਂ ਹੋਣ ਤੋਂ ਬਾਅਦ ਸਿਹਤ ਵਿਭਾਗ ਹਰਕਤ ਵਿਚ ਆਇਆ। ਵਿਭਾਗ ਦੀ ਟੀਮ ਵੀ ਹੁਣ ਜਾਗੀ ਹੈ ਅਤੇ ਪਿੰਡ ਦੀ ਡਿਸਪੈਂਸਰੀ ਵਿਖੇ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ। ਸਿਹਤ ਵਿਭਾਗ ਦੀ ਟੀਮ ਨੇ ਅੱਜ ਕੁੱਲ 120 ਦੇ ਕਰੀਬ ਕੋਰੋਨਾ ਸੈਂਪਲ ਲਏ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਹੋਰ ਕਿੰਨੇ ਲੋਕ ਕੋਰੋਨਾ ਪਾਜ਼ੇਟਿਵ ਪਾਏ ਜਾਣਗੇ।
ਇਸ ਮੌਕੇ ਪਿੰਡ ਅਜਨੌਦਾ ਕਲਾਂ ਦੇ ਵਾਸੀਆਂ ਨੇ ਕਿਹਾ ਕਿ ਸਾਡੇ ਪਿੰਡਾਂ ਵਿਚ ਕੋਰੋਨਾ ਮਹਾਮਾਰੀ ਦੇ ਨਾਲ ਕਈ ਮੌਤਾਂ ਹੋਈਆਂ ਹਨ। ਬਿਮਾਰੀ ਤਾਂ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਵਿਚ ਖ਼ੌਫ਼ ਹੈ ਕਿ ਕੋਰੋਨਾ ਟੈਸਟ ਕਰਵਾਉਣ ਤੋਂ ਬਾਅਦ ਉਨ੍ਹਾਂ ਜ਼ਬਰੀ ਚੁੱਕ ਕੇ ਹਸਪਤਾਲ ਲੈ ਜਾਣਗੇ ਜਦਕਿ ਵਿਭਾਗ ਦਾ ਕਹਿਣਾ ਹੈ ਕਿ ਅਸੀਂ ਪਿੰਡਾਂ ਵਿਚ ਹੀ ਏਕਾਂਤਵਾਸ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਡਰਨ ਦੀ ਲੋੜ ਨਹੀਂ ਹੈ ਜ਼ਿਆਦਾ ਤੋਂ ਜ਼ਿਆਦਾ ਆਪਣੇ ਕੋਰੋਨਾ ਟੈਸਟ ਕਰਵਾਉਣ।
ਇਸ ਮੌਕੇ ਪਿੰਡ ਵਿਖੇ ਕੋਰੋਨਾ ਸੈਂਪਲਿੰਗ ਕਰਨ ਆਈ ਸਿਹਤ ਵਿਭਾਗ ਟੀਮ ਦੇ ਡਾਕਟਰ ਨੇ ਕਿਹਾ ਕਿ ਲੋਕ ਇਸ ਬਿਮਾਰੀ ਪ੍ਰਤੀ ਪਹਿਲਾਂ ਸੁਚੇਤ ਨਹੀਂ ਸਨ। ਜਿਸ ਕਰਕੇ ਮਈ ਦੇ ਮਹੀਨੇ ਵਿਚ ਹੀ 12 ਦੇ ਕਰੀਬ ਕੋਰੋਨਾ ਨਾਲ ਮੌਤਾਂ ਹੋ ਚੁੱਕੀਆਂ ਹਨ ਤੇ ਹੁਣ ਨੁਕਸਾਨ ਹੋਣ ਤੋਂ ਬਾਅਦ ਲੋਕ ਸੁਚੇਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅੱਜ 120 ਦੇ ਕਰੀਬ ਕੋਰੋਨਾ ਨਮੂਨੇ ਲਏ ਜਾ ਚੁੱਕੇ ਹਨ, ਜਿਸ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।