ਚੰਡੀਗੜ੍ਹ : ਬੀਤੇ ਦਿਨੀਂ ਕਾਂਗਰਸ ਸਰਕਾਰ ਬੇਅਦਬੀ ਦੇ ਸਬੂਤ ਮੰਗਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਵਜੋਤ ਸਿੰਘ ਸਿੱਧੂ ਨੇ ਠੋਕਵਾਂ ਜਵਾਬ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਪੂਰੀ ਤਰ੍ਹਾਂ ਸਰਗਰਮ ਨਵਜੋਤ ਸਿੱਧੂ ਨੇ ਆਖਿਆ ਹੈ ਕਿ ਜਸਟਿਸ (ਰਿਟਾ.) ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਬਾਦਲਾਂ ਖ਼ਿਲਾਫ਼ ਬਹੁਤ ਸਾਰੇ ਗੰਭੀਰ ਪ੍ਰਤੱਖ ਪ੍ਰਮਾਣ ਮੌਜੂਦ ਹਨ। ਸਤੰਬਰ 2018 ਵਿਚ ਮੈਂ ਡਾਕਟਰਾਂ, ਸਾਬਕਾ ਡੀ.ਜੀ.ਪੀ. ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਬਿਆਨ ਜਨਤਕ ਕੀਤੇ ਸਨ, ਜੋ ਸਾਬਤ ਕਰਦੇ ਹਨ ਕਿ 14-15 ਅਕਤੂਬਰ 2015 ਦੀ ਰਾਤ ਨੂੰ ਕੋਟਕਪੂਰਾ ਚੌਂਕ ’ਚ ਹੋਈ ਕਾਰਵਾਈ ਤਤਕਾਲੀਨ ਮੁੱਖ ਮੰਤਰੀ ਦੀ ਸਹਿਮਤੀ ਨਾਲ ਹੋਈ ਸੀ।
ਸਿੱਧੂ ਨੇ ਆਖਿਆ ਕਿ ਇਹ ਸੀ.ਸੀ.ਟੀ.ਵੀ ਫੁਟੇਜ ਬਾਦਲ ਸਰਕਾਰ ਦੌਰਾਨ ਜਸਟਿਸ (ਰਿਟਾ.) ਜ਼ੋਰਾ ਸਿੰਘ ਕਮਿਸ਼ਨ ਤੋਂ ਛੁਪਾਏ ਗਏ ਸਨ। ਬਾਅਦ ’ਚ ਜਸਟਿਸ (ਰਿਟਾ.) ਰਣਜੀਤ ਸਿੰਘ ਜਾਂਚ ਕਮਿਸ਼ਨ ਨੇ ਇਹ ਲੱਭ ਕੇ ਲਿਆਂਦੇ ਸਨ। ਮੇਰੇ ਵੱਲੋਂ ਜਨਤਕ ਕੀਤੇ ਗਏ ਇਹ ਫੁਟੇਜ ਸਾਫ਼ ਦਿਖਾਉਂਦੇ ਹਨ ਕਿ ਪੁਲਸ ਬਾਦਲਾਂ ਦੇ ਹੁਕਮਾਂ ’ਤੇ ਅਮਲ ਕਰ ਰਹੀ ਸੀ। ਅੰਤ ਵਿਚ ਸਿੱਧੂ ਨੇ ਲਿਖਿਆ ਕਿ ਤੁਸੀਂ ਦੋਸ਼ੀ ਹੋ ਪਰ ਬਚਾਏ ਜਾ ਰਹੇ ਹੋ।
ਸੁਖਬੀਰ ਨੇ ਫੇਸਬੁੱਕ ’ਤੇ ਮੰਗੇ ਸੀ ਸਬੂਤ
ਦੱਸਣਯੋਗ ਹੈ ਕਿ ਬੀਤੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਆਪਣੇ ਫੇਸਬੁੱਕ ਪੇਜ ’ਤੇ ਆਖਿਆ ਸੀ ਕਿ ਜੇਕਰ ਕਾਂਗਰਸੀਆਂ ਕੋਲ ਬੇਅਦਬੀ ਕੇਸਾਂ ਦੇ ਇੰਨੇ ਹੀ ਠੋਸ ਅਤੇ ਸੱਚੇ ਸਬੂਤ ਹਨ ਤਾਂ ਫਿਰ ਉਨ੍ਹਾਂ ਨੂੰ ਹੁਣ ਤੱਕ ਦੁਨੀਆ ਤੋਂ ਲੁਕੋ ਕੇ ਕਿਉਂ ਰੱਖਿਆ ਗਿਆ ਹੈ। ਸੁਖਬੀਰ ਨੇ ਕਿਹਾ ਕਿ ਇਨ੍ਹਾਂ ਸਬੂਤਾਂ ਨੂੰ ਲੁਕੋਣ ਦੀ ਥਾਂ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ। ਸੁਖਬੀਰ ਬਾਦਲ ਨੇ ਕਿਹਾ ਕਿ ਬਹੁਤ ਸਾਰੇ ਕਾਂਗਰਸੀ ਅਤੇ ਉਨ੍ਹਾਂ ਦੇ ਪ੍ਰਤੱਖ ਜਾਂ ਅਪ੍ਰਤੱਖ ਗੁਪਤ ਸਹਿਯੋਗੀ ਜ਼ੋਰ-ਸ਼ੋਰ ਨਾਲ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਕੋਲ ਇਸ ਗੱਲ ਦੇ ਠੋਸ ਅਤੇ ਝੂਠਲਾਏ ਨਾ ਜਾ ਸਕਣ ਵਾਲੇ ਸਬੂਤ ਹਨ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦਾ ਘਿਨਾਉਣਾ ਪਾਪ ਕਿਸੇ ਨੇ ਯੋਜਨਾਬੱਧ ਕੀਤਾ, ਕਿਸੇ ਨੇ ਸਰਪ੍ਰਸਤੀ ਦਿੱਤੀ ਅਤੇ ਕਿਸ ਨੇ ਇਹ ਨੇਪਰੇ ਚਾੜ੍ਹਿਆ।
ਸੁਖਬੀਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਨੂੰ ਸਾਢੇ 4 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਮੈਂ ਹੈਰਾਨ ਹਾਂ ਕਿ ਜੇਕਰ ਉਨ੍ਹਾਂ ਕੋਲ ਇੰਨੇ ਠੋਸ ਸਬੂਤ ਹਨ ਤਾਂ ਉਹ ਇਨ੍ਹਾਂ ਨੂੰ ਖਾਲਸਾ ਪੰਥ, ਐੱਸ. ਆਈ. ਟੀ., ਅਦਾਲਤ ਅਤੇ ਪੰਜਾਬ ਸਮੇਤ ਦੁਨੀਆ ਭਰ ਦੇ ਬਾਕੀ ਲੋਕਾਂ ਤੋਂ ਲੁਕੋ ਕਿਉਂ ਰਹੇ ਹੋ? ਸੁਖਬੀਰ ਨੇ ਕਿਹਾ ਕਿ ਮੇਰੀ ਪੁਰਜ਼ੋਰ ਅਪੀਲ ਹੈ ਕਿ ਜਿਸ ਕਿਸੇ ਦੀ ਵੀ ਖ਼ਿਲਾਫ ਉਨ੍ਹਾਂ ਕੋਲ ਬੇਅਦਬੀ ਦੇ ਦੁਖਦਾਈ ਹਾਦਸੇ ਦੇ ਜਿਹੜੇ ਵੀ ਠੋਸ ਤੇ ਸੱਚੇ ਸਬੂਤ ਅਤੇ ਜੋ ਵੀ ਵੇਰਵੇ ਹਨ, ਉਹ ਉਨ੍ਹਾਂ ਨੂੰ ਖ਼ਾਲਸਾ ਪੰਥ, ਅਦਾਲਤ, ਐਸ. ਆਈ. ਟੀ. ਅਤੇ ਆਮ ਲੋਕਾਂ ਦੇ ਸਾਹਮਣੇ ਪੇਸ਼ ਕਰਨ।