ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਵੀਰਵਾਰ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਅੰਦੋਲਨ ਰੱਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਧਰਨਾ ਸਥਾਨ ਤੋਂ ਕਿਸਾਨਾਂ ਦੀ ਆਵਾਜਾਈ ਦੇ ਕਾਰਨ ਪਿੰਡਾਂ ‘ਚ ਕੋਰੋਨਾ ਇਨਫੈਕਸ਼ਨ ਫੈਲ ਰਿਹਾ ਹੈ। ਖੱਟੜ ਨੇ ਕਿਹਾ ਕਿ ਕਿਸਾਨ ਬਾਅਦ ‘ਚ ਆਪਣੀ ਇੱਛਾ ਮੁਤਾਬਕ ਪ੍ਰਦਰਸ਼ਨ ਦੁਬਾਰਾ ਸ਼ੁਰੂ ਕਰ ਸਕਦੇ ਹਨ ਪਰ ਹਾਲੇ ਉਨ੍ਹਾਂ ਨੂੰ ਇਹ ਬੰਦ ਕਰ ਦੇਣਾ ਚਾਹੀਦਾ ਹੈ। ਖੱਟੜ ਨੇ ਆਨਲਾਈਨ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ,”ਜੇਕਰ ਉਹ ਧਰਨਾ ਦੁਬਾਰਾ ਸ਼ੁਰੂ ਕਰਨ ਦੀ ਇੱਛਾ ਜ਼ਾਹਰ ਕਰਦੇ ਹਨ ਤਾਂ ਉਹ ਸਥਿਤੀ ਕੰਟਰੋਲ ‘ਚ ਆਉਣ ਤੋਂ ਬਾਅਦ ਅਜਿਹਾ ਕਰਨ ਲਈ ਆਜ਼ਾਦ ਹਨ।” ਖੱਟੜ ਨੇ ਕਿਹਾ ਕਿ ਉਨ੍ਹਾਂ ਨੇ ਇਕ ਮਹੀਨੇ ਪਹਿਲਾਂ ਕਿਸਾਨ ਲੀਡਰਾਂ ਨੂੰ ਧਰਨਾ ਰੱਦ ਕਰਨ ਦੀ ਅਪੀਲ ਕੀਤੀ ਸੀ ਤਾਂ ਕਿ ਇਨਫੈਕਸ਼ਨ ਨਾ ਫੈਲੇ।
ਧਰਨਾ ਖ਼ਤਮ ਕਰਨ ਪ੍ਰਦਰਸ਼ਨਕਾਰੀ ਕਿਸਾਨ
ਕਿਸਾਨਾਂ ਦੇ ਧਰਨਾ ਸਥਾਨ ਤੋਂ ਆਵਾਜਾਈ ਦਾ ਹਵਾਲਾ ਦਿੰਦਿਆਂ ਖੱਟੜ ਨੇ ਕਿਹਾ,”ਇਨ੍ਹਾਂ ਧਰਨਿਆਂ ਦੀ ਵਜ੍ਹਾ ਨਾਲ ਚੀਜ਼ਾਂ ਸਾਹਮਣੇ ਆ ਰਹੀਆਂ ਹਨ। ਇਹ ਇਫੈਕਸ਼ਨ ਫੈਲ ਰਹੀ ਹੈ।” ਮੁੱਖ ਮੰਤਰੀ ਨੇ ਕਿਹਾ,”ਕਈ ਪਿੰਡ ਇਨਫੈਕਸ਼ਨ ਦੇ ਕੇਂਦਰ ਦੇ ਰੂਪ ‘ਚ ਸਾਹਮਣੇ ਆਏ ਹਨ ਕਿਉਂਕਿ ਲੋਕ ਨਿਯਮਿਤ ਤੌਰ ‘ਤੇ ਧਰਨਾ ਸਥਾਨਾਂ ਤੋਂ ਆ-ਜਾ ਰਹੇ ਹਨ। ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਦਿੱਲੀ ਦੇ ਸਿੰਘੂ ਅਤੇ ਟਿੱਕਰੀ ਬਾਰਡਰ ਤੋਂ ਇਲਾਵਾ ਹਰਿਆਣਾ ਦੇ ਕਈ ਸਥਾਨਾਂ ‘ਤੇ ਵੀ ਮਹੀਨਿਆਂ ਤੋਂ ਧਰਨਾ ਦੇ ਰਹੇ ਹਨ।” ਖੱਟੜ ਨੇ ਕਿਹਾ,”ਉਨ੍ਹਾਂ ਦੇ ਲੀਡਰਾਂ ਨੂੰ ਹੁਣ ਵੀ ਸਥਿਤੀ ਨੂੰ ਸਮਝਣਾ ਚਾਹੀਦਾ। ਉਹ ਵਾਰ-ਵਾਰ ਕਹਿ ਰਹੇ ਹਨ ਕਿ ਟੀਕਾ ਲਗਵਾਉਣਗੇ ਪਰ ਖੁਦ ਆਪਣੀ ਜਾਂਚ ਕਰਾਉਣ ਦੇ ਇਛੁੱਕ ਨਹੀਂ ਹਨ। ਜੇਕਰ ਉਹ ਜਾਂਚ ਨਹੀਂ ਕਰਾਉਂਦੇ ਤਾਂ ਕੋਈ ਨਹੀਂ ਜਾਣ ਸਕਦਾ ਕਿ ਕੌਣ ਇਨਫੈਕਟਡ ਹੈ।” ਉਨ੍ਹਾਂ ਕਿਹਾ,”ਉਨ੍ਹਾਂ ਨੂੰ ਜਾਂਚ ਲਈ ਸਾਹਮਣੇ ਆਉਣਾ ਚਾਹੀਦਾ ਅਤੇ ਜੋ ਇਨਫੈਕਟਡ ਪਾਏ ਜਾਂਦੇ ਹਨ ਉਨ੍ਹਾਂ ਦਾ ਇਲਾਜ ਕੀਤਾ ਜਾ ਸਕਦਾ ਹੈ ਤੇ ਉਸ ਦੇ ਤਹਿਤ ਜ਼ਰੂਰੀ ਕਦਮ ਚੁੱਕੇ ਜਾ ਸਕਦੇ ਹਨ।”