ਈਦ ਦੇ ਪਵਿੱਤਰ ਤਿਉਹਾਰ ਮੌਕੇ ਕੈਪਟਨ ਦਾ ਵੱਡਾ ਐਲਾਨ, ਮਾਲੇਰਕੋਟਲਾ ਨੂੰ ਐਲਾਨਿਆ ਪੰਜਾਬ ਦਾ 23ਵਾਂ ਜ਼ਿਲ੍ਹਾ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਈਦ ਦੇ ਮੌਕੇ ‘ਤੇ ਅੱਜ ਮਾਲੇਰਕੋਟਲਾ ਨੂੰ ਨਵਾਂ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਹੁਣ ਪੰਜਾਬ ਦੇ 23 ਜ਼ਿਲ੍ਹੇ ਹੋ ਗਏ ਹਨ। ਮੁੱਖ ਮੰਤਰੀ ਨੇ ਮਾਲੇਰਕੋਟਲਾ ਵਿਖੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਯਾਦ ਵਿਚ ਪੰਜ ਸੌ ਕਰੋੜ ਦੀ ਲਾਗਤ ਨਾਲ ਮੈਡੀਕਲ ਕਾਲਜ ਬਣਾਉਣ, ਕੁੜੀਆਂ ਲਈ ਬਾਰਾਂ ਕਰੋੜ ਦੀ ਲਾਗਤ ਨਾਲ ਕਾਲਜ ਬਣਾਉਣ, ਬੀਬੀਆਂ ਲਈ ਇਕ ਅਲੱਗ ਤੋਂ ਮਹਿਲਾ ਪੁਲਸ ਸਟੇਸ਼ਨ ਅਤੇ ਬੱਸ ਸਟੈਂਡ ਦੇ ਨਿਰਮਾਣ ਲਈ ਦਸ ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਅੱਜ ਈਦ ਮੌਕੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਵਰਚੁਅਲ ਸਮਾਗਮ ਰਾਹੀਂ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਈਦ ਮੌਕੇ ਉਨ੍ਹਾਂ ਦੀ ਮਾਲੇਰਕੋਟਲਾ ਵਿਖੇ ਆਉਣ ਦੀ ਬਹੁਤ ਇੱਛਾ ਸੀ ਪਰ ਕੋਰੋਨਾ ਵਾਇਰਸ ਦੇ ਰੋਗ ਕਾਰਨ ਉਹ ਆ ਨਹੀਂ ਸਕੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਮਾਲੇਰਕੋਟਲਾ ਪਟਿਆਲਾ ਰਿਆਸਤ ਦਾ ਹਿੱਸਾ ਰਿਹਾ ਹੈ ਅਤੇ ਉਨ੍ਹਾਂ ਦੇ ਬਜ਼ੁਰਗਾਂ ਦੇ ਮਾਲੇਰਕੋਟਲਾ ਦੇ ਨਵਾਬਾਂ ਨਾਲ ਬਹੁਤ ਚੰਗੇ ਸਬੰਧ ਰਹੇ ਹਨ। ਉਨ੍ਹਾਂ ਮਾਲੇਰਕੋਟਲਾ ਸ਼ਹਿਰ ਦੇ ਵਿਕਾਸ ਲਈ ਛੇ ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ ਕਿਹਾ ਕਿ ਨਵਾਂ ਜ਼ਿਲ੍ਹਾ ਬਣਨ ਤੋਂ ਬਾਅਦ ਬਹੁਤ ਜਲਦ ਹੀ ਇੱਥੇ ਨਵਾਂ ਡਿਪਟੀ ਕਮਿਸ਼ਨਰ ਲਗਾ ਦਿੱਤਾ ਜਾਵੇਗਾ। ਸਮਾਗਮ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਕੈਬਨਿਟ ਮੰਤਰੀ ਬੇਗਮ ਰਜ਼ੀਆ ਸੁਲਤਾਨਾ ਨੇ ਵੀ ਸੰਬੋਧਨ ਕੀਤਾ।