ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਲਾਗ ਦਾ ਕਹਿਰ ਫਿਲਹਾਲ ਜਾਰੀ ਹੈ। ਹਾਲਾਂਕਿ, ਸੋਮਵਾਰ ਤੋਂ ਕੋਰੋਨਾ ਦੇ ਮਾਮਲਿਆਂ ’ਚ ਕਮੀ ਆ ਰਹੀ ਹੈ। ਪਿਛਲੇ 24 ਘੰਟਿਆਂ ’ਚ ਦੇਸ਼ ’ਚ ਕੋਰੋਨਾ ਦੇ 3.29 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲਾ ਮੁਤਾਬਕ, ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 3,29,942 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 24 ਘੰਟਿਆਂ ’ਚ 3876 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ 3.66 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਆਏ ਸਨ। ਇਹ ਦੂਜਾ ਦਿਨ ਹੈ ਜਦੋਂ ਕੋਰੋਨਾ ਮਾਮਲਿਆਂ ’ਚ ਕਮੀ ਦਰਜ ਕੀਤੀ ਗਈ ਹੈ। ਉਥੇ ਹੀ ਕਈ ਸੂਬਿਆਂ ’ਚ ਕੋਰੋਨਾ ਮਾਮਲਿਆਂ ’ਚ ਕਮੀ ਆ ਰਹੀ ਹੈ। ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ, ਦੇਸ਼ ’ਚ ਕੋਰੋਨਾ ਮਰੀਜ਼ਾਂ ਦੀ ਕੁਲ ਗਿਣਤੀ 2,2992,517 ਤਕ ਪਹੁੰਚ ਗਈ ਹੈ, ਉਥੇ ਹੀ ਮ੍ਰਿਤਕਾਂ ਦਾ ਅੰਕੜਾ 2,49,992 ਤਕ ਪਹੁੰਚ ਗਿਆ ਹੈ। 1,90,27,304 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਉਥੇ ਹੀ ਦੇਸ਼ ’ਚ ਕੋਰੋਨਾ ਦੇ 37,15,221 ਸਰਗਰਮ ਮਾਮਲੇ ਹਨ। ਕੋਰੋਨਾ ਸੰਕਟ ਵਿਚਕਾਰ ਦੇਸ਼ ’ਚ ਟੀਕਾਕਰਨ ਵੀ ਜਾਰੀ ਹੈ। ਹੁਣ ਤਕ 17,27,10,066 ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ।