ਚੰਡੀਗੜ੍ਹ : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦਾ ਹੁਣ ਪੂਰੀ ਤਰ੍ਹਾਂ ਖੁੱਲ੍ਹ ਕੇ ਵਿਰੋਧ ਕਰਨ ਲੱਗੇ ਹਨ। ਨਵਜੋਤ ਸਿੱਧੂ ਨੇ ਫਿਰ ਸੋਸ਼ਲ ਮੀਡੀਆ ’ਤੇ ਧਮਾਕਾ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਧੇਰੇ ਵਿਧਾਇਕਾਂ ਦੀ ਇਸ ਗੱਲ ’ਤੇ ਸਹਿਮਤੀ ਹੈ ਕਿ ਪੰਜਾਬ ’ਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਹਕੂਮਤ ਚੱਲ ਰਹੀ ਹੈ। ਇਥੇ ਹੀ ਬਸ ਨਹੀਂ ਸਿੱਧੂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਾਡੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਦੀ ਗੱਲ ਸੁਨਣ ਦੀ ਬਜਾਏ ਅਫ਼ਸਰਸ਼ਾਹੀ ਅਤੇ ਪੁਲਸ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਕੰਮ ਕਰ ਰਹੇ ਹਨ। ਸਰਕਾਰ ਲੋਕ ਭਲਾਈ ਲਈ ਨਹੀਂ ਸਗੋਂ ਮਾਫੀਆ ਰਾਜ ਨੂੰ ਬਰਕਰਾਰ ਰੱਖਣ ਲਈ ਚੱਲ ਰਹੀ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬੋਲਦੇ ਹੋਏ ਕਿਹਾ ਸੀ ਕਿ ‘ਅਫ਼ਸੋਸ ! ਗ੍ਰਹਿ ਮੰਤਰੀ ਦੀ ਨਾਕਾਬਲੀਅਤ ਕਰਕੇ ਸਰਕਾਰ ਹਾਈਕੋਰਟ ਦੇ ਉਹ ਹੁਕਮ ਮੰਨਣ ਲਈ ਮਜ਼ਬੂਰ ਹੈ, ਜਿਸਦੇ ਵਿਰੋਧ ’ਚ ਪੰਜਾਬ ਦੇ ਲੋਕ ਖੜ੍ਹੇ ਹਨ। ਨਵੀਂ ਸਿਟ (SIT) ਨੂੰ 6 ਮਹੀਨੇ ਹੋਰ ਦੇਣ ਦਾ ਮਤਲਬ ਸਰਕਾਰ ਦੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਬਦਕਿਸਮਤੀ ਨਾਲ ਆਉਣ ਵਾਲੀਆਂ ਚੋਣਾਂ ਦੀ ਆਚਾਰ ਸੰਹਿਤਾ ਲਾਗੂ ਹੋਣ ਤੱਕ ਹੋਰ ਲਟਕਾਉਣਾ ਹੈ।’ ਸਰਕਾਰ ਦੇ ਫ਼ੈਸਲੇ ’ਤੇ ਸਵਾਲ ਚੁੱਕਦੇ ਹੋਏ ਸਿੱਧੂ ਨੇ ਆਖਿਆ ਕਿ ‘ਇਨਸਾਫ਼ ਵਿਚ ਜਾਣ-ਬੁੱਝ ਕੇ ਦੇਰੀ ਲੋਕਮਤ ਨਾਲ ਵਿਸ਼ਵਾਸ਼ਘਾਤ ਹੈ। 6 ਸਾਲਾਂ ਦੌਰਾਨ ਕਈ ਜਾਂਚ ਕਮਿਸ਼ਨ ਤੇ ਸਿਟਾਂ (SITs) ਬਨਣ ਕਰਕੇ ਸਬੂਤ ਕਮਜ਼ੋਰ ਹੋ ਗਏ ਹਨ ਤੇ ਇਕੋ ਦੋਸ਼ ਬਾਰੇ ਵਾਰ-ਵਾਰ ਪੜਤਾਲ ਹੋਣ ਕਾਰਨ ਦੋਸ਼ੀ ਆਪਣਾ ਬਚਾਅ ਮਜ਼ਬੂਤ ਕਰਨ ਲਈ ਹੋਰ ਸਿਆਣੇ ਹੋ ਗਏ ਹਨ।
ਸਿੱਧੂ ਵਲੋਂ ਕੈਪਟਨ ’ਤੇ ਲਗਾਤਾਰ ਕੀਤੇ ਜਾ ਰਹੇ ਹਮਲੇ
ਇਥੇ ਦੱਸਣਯੋਗ ਹੈ ਕਿ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਲਗਾਤਾਰ ਹਮਲੇ ਬੋਲੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਸਿੱਧੂ ਨੇ ਮੁੱਖ ਮੰਤਰੀ 2016 ਵਿਚ ਦਿੱਤਾ ਬਿਆਨ ਯਾਦ ਕਰਵਾਇਆ ਹੈ। ਸਿੱਧੂ ਨੇ ਕਿਹਾ ਹੈ ਕਿ ਵੱਡੇ-ਵੱਡੇ ਵਾਅਦੇ ਤਾਂ ਕੀਤੇ ਪਰ ਨਿਕਲਿਆ ਕੁੱਝ ਵੀ ਨਹੀਂ। ਦਰਅਸਲ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ’ਤੇ 2016 ਅਤੇ 2021 ਦੀ ਆਡਿਟ ਕੀਤੀ ਹੋਈ ਵੀਡੀਓ ਸਾਂਝੀ ਕੀਤੀ ਸੀ। 2016 ਦੀ ਇਸ ਵੀਡੀਓ ਵਿਚ ਕੈਪਟਨ ਅਮਰਿੰਦਰ ਸਿੰਘ ਆਖ ਰਹੇ ਹਨ ਕਿ ਜੇਕਰ ਉਨ੍ਹਾਂ ਦੀ ਪੰਜਾਬ ਵਿਚ ਸਰਕਾਰ ਬਣਦੀ ਹੈ ਤਾਂ ਉਹ ਬਹਿਬਲ ਕਲਾਂ ਅਤੇ ਬੇਅਦਬੀ ਦੀ ਜਾਂਚ ਕਰਵਾਉਣਗੇ ਅਤੇ ਇਸ ਵਿਚ ਬਾਦਲ ਦੋਸ਼ੀ ਨਿਕਲਣਗੇ। ਮੁੱਖ ਮੰਤਰੀ ਆਖ ਰਹੇ ਹਨ ਕਿ ਬਾਦਲਾਂ ਨੇ ਬਰਗਾੜੀ ਵਿਚ ਗੋਲ਼ੀ ਚਲਵਾਈ ਸੀ ਜਿਸ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਵੀਡੀਓ ਵਿਚ ਕੈਪਟਨ ਕਹਿ ਰਹੇ ਹਨ ਕਿ ਬਰਗਾੜੀ ’ਚ ਪੁਲਸ ਨੂੰ ਗੋਲ਼ੀ ਚਲਾਉਣ ਦਾ ਹੁਕਮ ਐੱਸ. ਪੀ. ਨੇ ਦਿੱਤਾ ਸੀ ਪਰ ਐੱਸ. ਪੀ. ਨੂੰ ਹੁਕਮ ਮੁੱਖ ਮੰਤਰੀ ਨੇ ਦਿੱਤਾ ਸੀ। ਇਸ ਵੀਡੀਓ ਵਿਚ 2021 ਦੀ ਇਕ ਹੋਰ ਵੀਡੀਓ ਜੋੜੀ ਗਈ ਸੀ, ਜਿਸ ਵਿਚ ਮੁੱਖ ਮੰਤਰੀ ਆਖ ਰਹੇ ਹਨ ਕਿ ਇਹ ਹੁਣ ਕਹਿਣ ਦੀਆਂ ਗੱਲਾਂ ਹਨ ਕਿ ਬਾਦਲਾਂ ਨੂੰ ਫੜ ਕੇ ਅੰਦਰ ਦੇ ਦਿਓ। ਉਹ ਏਦਾਂ ਕਿੱਦਾਂ ਕਿਸੇ ਨੂੰ ਫੜ ਕੇ ਅੰਦਰ ਕਰ ਸਕਦੇ ਹਨ। ਉਹ ਸਿਰਫ ਐੱਸ.ਆਈ. ਟੀ. ਬਣਾ ਸਕਦੇ ਹਨ ਕਿ ਪਰ ਐੱਸ. ਆਈ. ਟੀ. ਦੇ ਕੰਮ ਵਿਚ ਦਖ਼ਲ ਨਹੀਂ ਕਰ ਸਕਦੇ।
ਸਿੱਧੂ ਦੇ ਹਮਲਿਆਂ ’ਤੇ ਲੋਹਾ ਲਾਖਾ ਹੋਏ ਕੈਪਟਨ
ਨਵਜੋਤ ਸਿੱਧੂ ਵਲੋਂ ਕੀਤੇ ਜਾ ਰਹੇ ਹਮਲਿਆਂ ’ਤੇ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁੱਪ ਤੋੜਦੇ ਹੋਏ ਸਿੱਧੂ ਨੂੰ ਪਟਿਆਲਾ ਤੋਂ ਚੋਣ ਲੜਨ ਦੀ ਚੁਣੌਤੀ ਤਕ ਦੇ ਦਿੱਤੀ ਸੀ। ਕੈਪਟਨ ਨੇ ਇਥੋਂ ਤਕ ਆਖ ਦਿੱਤਾ ਸੀ ਕਿ ਸਿੱਧੂ ਕਿਸੇ ਹੋਰ ਪਾਰਟੀ ਵਿਚ ਜਾਣ ਦੀ ਤਿਆਰੀ ਵਿਚ ਹੈ। ਉਨ੍ਹਾਂ ਕਿਹਾ ਸੀ ਕਿ ਜਦੋਂ ਕੋਈ ਵਿਧਾਇਕ ਆਪਣੇ ਮੁੱਖ ਮੰਤਰੀ ’ਤੇ ਹਮਲੇ ਬੋਲਦਾ ਹੈ, ਤਾਂ ਇਸ ਦਾ ਮਤਲਬ ਕਿ ਉਹ ਕਿਸੇ ਹੋਰ ਪਾਰਟੀ ਵਿਚ ਜਾਣ ਦੀ ਤਿਆਰੀ ਵਿਚ ਹੈ। ਇੰਨਾ ਹੀ ਨਹੀਂ ਕੈਪਟਨ ਨੇ ਸਿੱਧੂ ਨੂੰ ਦੋ-ਟੁੱਕ ਸ਼ਬਦਾਂ ‘ਚ ਕਿਹਾ ਸੀ ਕਿ ਸਿੱਧੂ ਲਈ ਉਨ੍ਹਾਂ ਦੇ ਬੂਹੇ ਹੁਣ ਪੂਰੀ ਤਰ੍ਹਾਂ ਬੰਦ ਹਨ। ਅੱਗੇ ਹਾਈਕਮਾਨ ਨੇ ਤੈਅ ਕਰਨਾ ਹੈ। ਉਨ੍ਹਾਂ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਇਕ ਮੌਕਾਪ੍ਰਸਤ ਵਿਅਕਤੀ ਹੈ ਅਤੇ ਉਹ ਪਟਿਆਲਾ ਤੋਂ ਕੇਜਰੀਵਾਲ ਨਾਲ ਰਲ ਕੇ ਚੋਣ ਲੜਨ ਦੇ ਸੁਫ਼ਨੇ ਦੇਖ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਮੈਨੂੰ ਕਾਂਗਰਸ ਨੇ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੈ, ਉਹ ਮੇਰੇ ’ਤੇ ਨਹੀਂ ਅਸਿੱਧੇ ਤੌਰ ’ਤੇ ਮੇਰੀ ਲੀਡਰਸ਼ਿੱਪ ’ਤੇ ਹਮਲਾ ਕਰ ਰਿਹਾ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਨੂੰ ਲੱਗਦਾ ਹੈ ਕਿ ਕ੍ਰਿਕਟਰ ਦੇ ਤੌਰ ’ਤੇ ਉਹ ਬੇਹੱਦ ਚਰਚਿਤ ਚਿਹਰਾ ਹੈ ਪਰ ਉਹ ਪੁਰਾਣੀ ਕਹਾਣੀ ਹੈ, ਜਿਸ ਨੂੰ ਕੋਈ ਯਾਦ ਨਹੀਂ ਕਰਦਾ। ਦੂਜਾ ਸਿੱਧੂ ਨੂੰ ਲੱਗਦਾ ਹੈ ਕਿ ਉਹ ਇਕ ਵੱਡਾ ਅਦਾਕਾਰ ਹੈ ਪਰ ਕੀ ਕੁਰਸੀ ’ਤੇ ਬੈਠ ਕੇ ਹੱਸਣਾ ਵੀ ਕੋਈ ਅਦਾਕਾਰੀ ਹੈ। ਕੈਪਟਨ ਨੇ ਕਿਹਾ ਸੀ ਕਿ ਬੇਸ਼ੱਕ ਸਿੱਧੂ ਇਕ ਚੰਗਾ ਬੁਲਾਰਾ ਹੈ ਪਰ ਉਸ ’ਚ ਠਹਿਰਾਅ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਸਿੱਧੂ ਦੀ ਮੰਤਰਾਲੇ ਤੋਂ ਇਸ ਲਈ ਛੁੱਟੀ ਕੀਤੀ ਗਈ ਸੀ ਕਿਉਂਕਿ 7-7 ਮਹੀਨੇ ਫਾਈਲਾਂ ਨਹੀਂ ਨਿਕਲਦੀਆਂ ਸਨ।