ਨਵੀਂ ਦਿੱਲੀ— ਦਿੱਲੀ ’ਚ ਕੋਰੋਨਾ ਲਾਗ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਕੋਰੋਨਾ ਦੀ ਰਫ਼ਤਾਰ ਰੋਕਣ ਲਈ ਦਿੱਲੀ ’ਚ ਲਾਈ ਗਈ ਤਾਲਾਬੰਦੀ ਇਕ ਹਫ਼ਤੇ ਲਈ ਹੋਰ ਵਧਾ ਦਿੱਤੀ ਗਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਯਾਨੀ ਕਿ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦਿੱਲੀ ’ਚ ਤਾਲਾਬੰਦੀ ਪਹਿਲਾਂ 10 ਮਈ ਨੂੰ ਖ਼ਤਮ ਹੋਣੀ ਸੀ, ਹੁਣ ਇਸ ਨੂੰ 17 ਮਈ ਦੀ ਸਵੇਰ 5 ਵਜੇ ਤੱਕ ਵਧਾ ਰਹੇ ਹਾਂ। ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਤਾਲਾਬੰਦੀ ਜ਼ਿਆਦਾ ਸਖ਼ਤ ਹੋਵੇਗੀ, ਤਾਂ ਕਿ ਕੋਰੋਨਾ ਵਾਇਰਸ ਦੀ ਰਫ਼ਤਾਰ ਨੂੰ ਕਾਬੂ ਕੀਤਾ ਜਾ ਸਕੇ। ਦਿੱਲੀ ਵਿਚ ਕੱਲ੍ਹ ਤੋਂ ਯਾਨੀ ਕਿ ਸੋਮਵਾਰ ਤੋਂ ਮੈਟਰੋ ਸੇਵਾ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਜਨਤਕ ਥਾਵਾਂ ’ਤੇ ਵਿਆਹ ਸਮਾਰੋਹਾਂ ਦੀ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਘਰਾਂ ’ਚ ਹੀ ਵਿਆਹ ਦੀ ਇਜਾਜ਼ਤ ਹੋਵੇਗੀ, ਇਸ ’ਚ 20 ਤੋਂ ਵਧੇਰੇ ਲੋਕ ਇਕੱਠੇ ਨਹੀਂ ਹੋਣਗੇ।
ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ’ਚ ਤਾਲਾਬੰਦੀ ਦਾ ਚੰਗਾ ਅਸਰ ਵੇਖਣ ਨੂੰ ਮਿਲ ਰਿਹਾ ਹੈ। 26 ਅਪ੍ਰੈਲ ਤੋਂ ਬਾਅਦ ਨਵੇਂ ਮਾਮਲਿਆਂ ’ਚ ਹੌਲੀ-ਹੌਲੀ ਕਮੀ ਵੀ ਆਉਣ ਲੱਗੀ ਹੈ। ਪਿਛਲੇ 2-3 ਦਿਨਾਂ ਵਿਚ ਵਾਇਰਸ ਦੀ ਦਰ 35 ਫ਼ੀਸਦੀ ਘਟ ਕੇ 23 ਫ਼ੀਸਦੀ ’ਤੇ ਆ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਤਾਲਾਬੰਦੀ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਹੈ। ਦੱਸ ਦੇਈਏ ਕਿ ਦਿੱਲੀ ’ਚ 20 ਅਪ੍ਰੈਲ ਨੂੰ ਦਿੱਲੀ ਸਰਕਾਰ ਨੇ ਤਾਲਾਬੰਦੀ ਲਾਈ ਸੀ। ਕੋਰੋਨਾ ਕੇਸਾਂ ਦੇ ਵਾਧੇ ਨੂੰ ਵੇਖਦਿਆਂ ਨੂੰ ਸਰਕਾਰ ਨੇ ਇਹ ਫ਼ੈਸਲਾ ਲਿਆ। ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਬੇਹੱਦ ਖ਼ਤਰਨਾਕ ਹੈ, ਜਾਨ ਹੈ ਤਾਂ ਜਹਾਨ ਹੈ। ਇਸ ਲਈ ਦਿੱਲੀ ਸਰਕਾਰ ਨੇ ਤਾਲਾਬੰਦੀ ਲੈ ਕੇ ਸਖ਼ਤੀ ਕੀਤੀ ਹੈ।
ਦਿੱਲੀ ’ਚ ਬੀਤੇ 24 ਘੰਟਿਆਂ ਵਿਚ ਕੋਰੋਨਾ ਦੇ 13,336 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 273 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ 24 ਘੰਟਿਆਂ ਵਿਚ 14,738 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਹੁਣ ਤੱਕ ਕੁੱਲ 12,17,991 ਕੋਰੋਨਾ ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਦਿੱਲੀ ’ਚ ਹੁਣ ਤੱਕ 19,344 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 13,23,567 ਮਾਮਲੇ ਸਾਹਮਣੇ ਆ ਚੁੱਕੇ ਹਨ। ਕੁੱਲ ਸਰਗਰਮ ਕੇਸ 86,232 ਹਨ।