ਅੰਮ੍ਰਿਤਸਰ – ਕੋਰੋਨਾ ਲਾਗ ਦੀ ਬੀਮਾਰੀ ਦੇ ਸੰਕਟ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਰੀਜ਼ਾਂ ਨੂੰ ਬਚਾਉਣ ਲਈ ਲੋਕ ਸੇਵਾ ਦੀ ਜੋ ਵਿਲੱਖਣ ਮਿਸਾਲ ਕਾਇਮ ਕੀਤੀ ਹੈ, ਉਸ ਨੂੰ ਚੁਫੇਰਿਓਂ ਸਲਹਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਜਿਸ ਕੋਲ ਗੁਰਧਾਮਾਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਹੈ, ਨੇ ਕੋਰੋਨਾ ਕਾਲ ਦੌਰਾਨ ਆਪਣੇ ਹਸਪਤਾਲਾਂ ਨੂੰ ਸਿਹਤ ਸਹੂਲਤਾਂ ਨਾਲ ਲੈਸ ਕਰਨ ਦੇ ਨਾਲ-ਨਾਲ ਗੁਰਦੁਆਰਿਆਂ ਦੇ ਹਾਲਾਂ ’ਚ ਆਰਜ਼ੀ ਤੌਰ ’ਤੇ ਸੈਂਟਰ ਸਥਾਪਿਤ ਕਰ ਦਿੱਤੇ ਹਨ ਤਾਂ ਜੋ ਕੋਈ ਵੀ ਕੋਰੋਨਾ ਮਰੀਜ਼ ਇਲਾਜ ਦੀ ਘਾਟ ਕਾਰਨ ਦਮ ਨਾ ਤੋੜੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਉਣ ਵਾਲੇ ਬੀਬੀ ਜਗੀਰ ਕੌਰ ਹਰੇਕ ਕਾਰਜ ਦੀ ਖੁਦ ਨਿਗਰਾਨੀ ਕਰਦੇ ਹਨ, ਉਹ ਚਾਹੇ ਕੋਰੋਨਾ ਮਰੀਜ਼ਾਂ ਦੇ ਇਲਾਜ ਦੀ ਗੱਲ ਹੋਵੇ, ਖੇਤੀਬਾੜੀ ਵਿਰੋਧੀ ਬਿੱਲਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਮੋਰਚਾ ਗੱਡੀ ਬੈਠੇ ਕਿਸਾਨਾਂ ਨੂੰ ਮਦਦ ਪਹੁੰਚਾਉਣ ਦਾ ਮਸਲਾ ਹੋਵੇ ਜਾਂ ਫਿਰ ਗੁਰਧਾਮਾਂ ’ਚ ਸੰਗਤਾਂ ਦੀ ਸਹੂਲਤ ਵਾਸਤੇ ਕੋਈ ਨਵੇਂ ਪ੍ਰਬੰਧ ਕਰਨੇ ਹੋਣ। ਇਸੇ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ’ਚ ਪਹਿਲਾਂ ਨਾਲੋਂ ਕਈ ਗੁਣਾ ਵੱਧ ਸੁਧਾਰ ਨਜ਼ਰ ਆ ਰਿਹਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਸ਼ਤਾਬਦੀ ਸਮਾਗਮ ਮਨਾਉਂਦਿਆਂ ਬੀਬੀ ਜਗੀਰ ਕੌਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ’ਚ ਨੌਵੇਂ ਪਾਤਿਸ਼ਾਹ ਦੀ ਚੇਅਰ ਸਥਾਪਤ ਕਰਨਾ ਤੇ ਗੁਰੂ ਸਾਹਿਬ ਦੀ ਬਾਣੀ ਪੰਜ ਭਸ਼ਾਵਾਂ ’ਚ ਅਰਥਾਂ ਸਮੇਤ ਛਪਵਾ ਕੇ ਲੋਕਾਂ ’ਚ ਵੰਡਣ ਦਾ ਐਲਾਨ ਵੀ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਬਜਟ ਸਬੰਧੀ ਸਾਲਾਂ ਤੋਂ ਚਲਿਆ ਆ ਰਿਹਾ ਭੁਲੇਖਾ ਕੀਤਾ ਦੂਰ
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨ ਉਪਰੰਤ ਬੀਬੀ ਜਗੀਰ ਕੌਰ ਵਲੋਂ ਕਮੇਟੀ ਦਾ ਸਾਲਾਨਾ ਬਜਟ ਪਾਰਦਰਸ਼ੀ ਢੰਗ ਨਾਲ ਪੇਸ਼ ਕਰ ਕੇ ਬਜਟ ਸਬੰਧੀ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਭੁਲੇਖਾ ਦੂਰ ਕੀਤਾ ਗਿਆ ਹੈ। ਬੱਸੀ ਪਠਾਣਾ ਦੀ ਇਤਿਹਾਸਕ ਜੇਲ ਦੀ ਸਾਂਭ-ਸੰਭਾਲ ਕਰਨ ਵਾਸਤੇ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਜੇਲ ਨੂੰ ਸ਼੍ਰੋਮਣੀ ਕਮੇਟੀ ਹਵਾਲੇ ਕਰਨ ਦੀ ਮੰਗ ਤੋਂ ਬਾਅਦ ਸਰਕਾਰ ਨੇ ਇਸ ਜੇਲ ਨੂੰ ਵਿਰਾਸਤੀ ਤੌਰ ’ਤੇ ਸੰਭਾਲਣ ਦਾ ਫ਼ੈਸਲਾ ਲਿਆ ਹੈ ਅਤੇ ਸ਼੍ਰੋਮਣੀ ਕਮੇਟੀ ’ਚ ਬਿਜਲੀ ਖਰਚੇ ਘਟਾਉਣ ਲਈ ਸੋਲਰ ਸਿਸਟਮ ਨੂੰ ਅਪਨਾਉਣ ਦਾ ਫ਼ੈਸਲਾ ਲੈਂਦਿਆ ਇਸ ਦੀ ਸ੍ਰੀ ਦਰਬਾਰ ਸਾਹਿਬ ਤੋਂ ਸ਼ੁਰੂਆਤ ਕੀਤੀ ਗਈ ਹੈ, ਜੋ ਬਹੁਤ ਵੱਡੀ ਗੱਲ ਹੈ।
ਸ਼੍ਰੋਮਣੀ ਕਮੇਟੀ ਦੇ ਕੰਮਾਂ ’ਚ ਢਿੱਲਮੱਠ ਬਰਦਾਸ਼ਤ ਨਹੀਂ
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ’ਚ ਉੱਚ ਅਹੁਦਿਆਂ ’ਤੇ ਤਾਇਨਾਤ ਲਾਪ੍ਰਵਾਹ ਅਧਿਕਾਰੀਆਂ ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰਾਂ ਨੂੰ ਬੀਬੀ ਜਗੀਰ ਕੌਰ ਸਖ਼ਤ ਲਹਿਜੇ ’ਚ ਚਿਤਾਵਨੀ ਦੇ ਚੁੱਕੇ ਹਨ ਕਿ ਉਹ ਆਪਣੀ ਡਿਊਟੀ ਪੂਰੀ ਮਿਹਨਤ ਤੇ ਜ਼ਿੰਮੇਵਾਰੀ ਨਾਲ ਨਿਭਾਉਣ। ਹੁਣ ਸ਼੍ਰੋਮਣੀ ਕਮੇਟੀ ਦੇ ਕੰਮਾਂ ’ਚ ਢਿੱਲਮੱਠ ਤੇ ਲਾਪ੍ਰਵਾਹੀ ਬਰਦਾਸ਼ਤ ਨਹੀਂ ਹੋਵੇਗੀ ਅਤੇ ਜਿਹੜੇ ਅਧਿਕਾਰੀ ਜਾਂ ਮੈਨੇਜਰ ਤਾੜਨਾ ਦੇ ਬਾਵਜੂਦ ਆਪਣਾ ਰਵੱਈਆ ਨਹੀਂ ਬਦਲਦੇ ਉਨ੍ਹਾਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ, ਜਿਸ ਤੋਂ ਬਾਅਦ ਕਮੇਟੀ ’ਚ ਬੇਹੱਦ ਤਬਦੀਲੀ ਨਜ਼ਰ ਆਈ ਹੈ। ਸਾਰੇ ਕੰਮ ਫਾਸਟ ਟਰੈਕ ਵਾਂਗ ਹੋਣ ਲੱਗ ਪਏ ਹਨ।