ਵਲਟੋਹਾ : ਪੰਜਾਬ ’ਚ ਵੱਧ ਰਹੇ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਨੂੰ ਵੇਖਦਿਆ ਹੋਇਆ ਸਰਕਾਰ ਵਲੋਂ ਹਫ਼ਤਾਵਾਰੀ ਲਾਕਡਾਊਨ ਲਗਾਇਆ ਹੋਇਆ ਹੈ। ਜਿਸ ਅਧੀਨ ਸ਼ੁੱਕਰਵਾਰ ਸ਼ਾਮ 6 ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਕਰਫ਼ਿਊ ਲੱਗਾ ਹੋਣ ਕਰਕੇ ਸਾਰੇ ਦੁਕਾਨਾਂ, ਕਾਰੋਬਾਰ ਅਤੇ ਅਦਾਰੇ ਬੰਦ ਹਨ। ਇਸ ਸਬੰਧ ’ਚ ਸੰਯੁਕਤ ਕਿਸਾਨ ਮੋਰਚੇ ਵਲੋਂ ਸਰਕਾਰ ਅਤੇ ਪ੍ਰਸ਼ਾਸਨ ਦੇ ਦੁਕਾਨਾਂ ਨਾ ਖੋਲ੍ਹਣ ਸਬੰਧੀ ਦਿੱਤੇ ਆਦੇਸ਼ਾਂ ਨੂੰ ਨਕਾਰਦਿਆਂ 8 ਮਈ ਨੂੰ ਸਮੂਹ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਅਤੇ ਕਾਰੋਬਾਰ ਖੋਲ੍ਹਣ ਲਈ ਕਿਹਾ ਗਿਆ ਸੀ। ਜਿਸ ਅਧੀਨ ਅੱਜ ਕਿਸਾਨ ਜਥੇਬੰਦੀਆਂ ਵਲੋਂ ਇਲਾਕੇ ’ਚ ਮਾਰਚ ਵੀ ਕੀਤੇ ਗਏ ਪਰ ਪੁਲਸ ਪ੍ਰਸ਼ਾਸਨ ਦੀ ਮੁਸ਼ਤੈਦੀ ਕਾਰਨ ਕਿਸੇ ਨੇ ਵੀ ਕਰਫ਼ਿਊ ਭੰਗ ਨਹੀਂ ਕੀਤਾ।
ਸਬ ਡਵੀਜ਼ਨ ਭਿੱਖੀਵਿੰਡ ਦੇ ਡੀ. ਐੱਸ. ਪੀ. ਰਾਜਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ. ਐੱਚ. ਓ. ਵਲਟੋਹਾ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਇਲਾਕੇ ਭਰ ’ਚ ਚੱਪੇ-ਚੱਪੇ ’ਤੇ ਪੁਲਸ ਫੋਰਸ ਤਾਇਨਾਤ ਹੋਣ ਕਾਰਨ ਕੋਈ ਵੀ ਦੁਕਾਨਦਾਰ ਘਰੋਂ ਬਾਹਰ ਨਹੀਂ ਨਿਕਲਿਆ ਅਤੇ ਕਿਸੇ ਨੇ ਵੀ ਦੁਕਾਨ ਜਾਂ ਆਪਣਾ ਕਾਰੋਬਾਰ ਖੋਲ੍ਹ ਕੇ ਨਿਯਮਾਂ ਦੀ ਉਲੰਘਣਾ ਕਰਨ ਤੋਂ ਪਰਹੇਜ਼ ਹੀ ਬਣਾਈ ਰੱਖਿਆ। ਜਿਸ ਕਰਕੇ ਕਿਸਾਨ ਮੋਰਚੇ ਦੇ ਸੱਦੇ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ ਅਤੇ ਕਰਫ਼ਿਊ ਨਿਰੰਤਰ ਜਾਰੀ ਰਿਹਾ।