ਅੰਮ੍ਰਿਤਸਰ : ਕੋਰੋਨਾ ਦੇ ਵਧਦੇ ਪ੍ਰਭਾਵ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਸਾਹਿਬਾਨ ਵਿਖੇ ਦਰਸ਼ਨ ਦੀਦਾਰ ਕਰਨ ਲਈ ਪੁਜਦੀਆਂ ਸੰਗਤਾਂ ਨੂੰ ਸੁਰੱਖਿਆ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ 50 ਫੀਸਦੀ ਸਟਾਫ਼ ਨਾਲ ਕੰਮ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਹਨ। ਬੀਬੀ ਜਗੀਰ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਕੋਰੋਨਾ ਕਾਰਨ ਹਾਲਾਤ ਨਾਜ਼ੁਕ ਬਣੇ ਹੋਏ ਹਨ ਅਤੇ ਇਸੇ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ 50 ਫੀਸਦੀ ਸਟਾਫ ਦੀ ਹਾਜ਼ਰੀ ਨਾਲ ਚਲਾਏ ਜਾਣਗੇ। ਇਸ ਤੋਂ ਇਲਾਵਾ ਲਾਕਡਾਊਨ ਦੌਰਾਨ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਦਫ਼ਤਰ ਮੁਕੰਮਲ ਬੰਦ ਰਹਿਣਗੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬਾਨ ਵਿਖੇ ਸ਼ਰਧਾ ਪ੍ਰਗਟਾਉਣ ਲਈ ਪੁੱਜਣ ਸਮੇਂ ਸਿਹਤ ਮਹਿਕਮੇ ਦੇ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇ। ਸ਼ਰਧਾਲੂ ਮਾਸਕ ਪਹਿਨਣ ਅਤੇ ਇਕ ਦੂਸਰੇ ਤੋਂ ਨਿਰਧਾਰਤ ਦੂਰੀ ਬਣਾ ਕੇ ਰੱਖਣ। ਇਸ ਦੇ ਨਾਲ ਹੀ ਸੁਰੱਖਿਆ ਲਈ ਹੱਥਾਂ ਨੂੰ ਸੈਨੀਟਾਈਜ਼ ਵੀ ਕਰਦੇ ਰਹਿਣ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਹਰ ਗੁਰਦੁਆਰਾ ਸਾਹਿਬਾਨ ਅੰਦਰ ਪ੍ਰਬੰਧਕੀ ਸਟਾਫ ਅਤੇ ਸੇਵਾਦਾਰਾਂ ਨੂੰ ਸੁਚੇਤ ਰੂਪ ਵਿਚ ਡਿਊਟੀ ਕਰਨ ਲਈ ਕਿਹਾ ਗਿਆ ਹੈ। ਸੈਨੀਟਾਈਜ਼ਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਪ੍ਰਵੇਸ਼ ਸਥਾਨਾਂ ’ਤੇ ਹੱਥ ਸਾਫ ਕਰਨ ਲਈ ਵੀ ਉਚਿਤ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਅੰਦਰ ਸੰਗਤ ਨੂੰ ਕੋਰੋਨਾ ਤੋਂ ਬਚਾ ਲਈ ਪ੍ਰੇਰਣਾ ਕਰਨ ਵਾਸਤੇ ਸੇਵਾਦਾਰਾਂ ਨੂੰ ਨਿਰਦੇਸ਼ ਵੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸੰਕਟਮਈ ਸਮੇਂ ਦੌਰਾਨ ਸੁਚੇਤ ਰੂਪ ਵਿਚ ਵਿਚਰਨਾ ਸਭ ਦੀ ਜ਼ਿੰਮੇਵਾਰੀ ਹੈ। ਬੀਬੀ ਜਗੀਰ ਕੌਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਇਸ ਸੰਕਟਮਈ ਸਮੇਂ ’ਚ ਮਾਨਵਤਾ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸੇ ਅਧੀਨ ਹੀ ਵੱਖ-ਵੱਖ ਥਾਵਾਂ ’ਤੇ ਕੋਰੋਨਾ ਪ੍ਰਭਾਵਿਤ ਲੋਕਾਂ ਲਈ ਕੇਂਦਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਕੇਂਦਰਾਂ ’ਤੇ ਮੈਡੀਕਲ ਸਟਾਫ਼ ਦੇ ਨਾਲ-ਨਾਲ ਆਕਸੀਜਨ ਅਤੇ ਐਮਰਜੈਂਸੀ ਲਈ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ।