ਲਾਹੌਰ ਪਾਕਿਸਤਾਨ ਵਿਚ ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਸ਼ਰੀਫ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਅਦਾਲਤ ਤੋਂ ਇਜਾਜ਼ਤ ਮਿਲਣ ਦੇ ਬਾਵਜੂਦ ਬ੍ਰਿਟੇਨ ਜਾਣ ਤੋਂ ਸ਼ਨੀਵਾਰ ਨੂੰ ਰੋਕ ਦਿੱਤਾ ਗਿਆ। ਸ਼ਹਿਬਾਜ਼ ਦੀ ਪਾਰਟੀ ਦੇ ਬੁਲਾਰੇ ਮਰਿਅਮ ਔਰੰਗਜ਼ੇਬ ਨੇ ਦੱਸਿਆ ਕਿ ਸ਼ਹਿਬਾਜ਼ ਨੂੰ ਲਾਹੌਰ ਹਾਈ ਕੋਰਟ ਨੇ ਇਲਾਜ ਲਈ ਵਿਦੇਸ਼ ਜਾਣ ਦੀ ਸ਼ੁੱਕਰਵਾਰ ਨੂੰ ਇਜਾਜ਼ਤ ਦੇ ਦਿੱਤੀ ਸੀ ਪਰ ਸੀਨੀਅਰ ਜਾਂਚ ਏਜੰਸੀ ਨੇ ਉਹਨਾਂ ਦਾ ਨਾਮ ‘ਕਿਸੇ ਹੋਰ ਸੂਚੀ’ ਵਿਚ ਕਥਿਤ ਤੌਰ ‘ਤੇ ਪਾ ਦਿੱਤਾ ਅਤੇ ਉਹਨਾਂ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕ ਦਿੱਤਾ।
ਅਦਾਲਤ ਨੇ ਸ਼ਹਿਬਾਜ਼ ਨੂੰ ਇਲਾਜ ਲਈ 8 ਮਈ ਤੋਂ 3 ਜੁਲਾਈ ਤੱਕ ਬ੍ਰਿਟੇਨ ਵਿਚ ਇਲਾਜ ਕਰਾਉਣ ਦੀ ਸ਼ਰਤ ਸਮੇਤ ਇਜਾਜ਼ਤ ਦਿੱਤੀ ਸੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਸ਼ਹਿਬਾਜ਼ ਲੰਡਨ ਵਿਚ ਆਪਣੇ ਵੱਡੇ ਭਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਕੋਲ ਜਾਣ ਲਈ ਤਿਆਰ ਸਨ। ਡਾਨ ਨਿਊਜ਼ ਨੇ ਪਾਕਿਸਤਾਨ ਮੁਸਲਿਮ ਲੀਗ -ਐੱਨ (ਪੀ.ਐੱਮ.ਐੱਲ.-ਐੱਨ.) ਬੁਲਾਰੇ ਮਰਿਅਮ ਔਰੰਗਜ਼ੇਬ ਦੇ ਹਵਾਲੇ ਨਾਲ ਕਿਹਾ ਕਿ ਸ਼ਹਿਬਾਜ਼ (69) ਨੂੰ ਸ਼ਨੀਵਾਰ ਨੂੰ ਕਤਰ ਜ਼ਰੀਏ ਬ੍ਰਿਟੇਨ ਜਾਣ ਲਈ ਲਾਹੌਰ ਹਵਾਈ ਅੱਡੇ ਤੋਂ ਜਹਾਜ਼ ਵਿਚ ਸਵਾਰ ਨਹੀਂ ਹੋਣ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਸੰਘੀ ਜਾਂਚ ਅਥਾਰਿਟੀ (ਐੱਫ.ਆਈ.ਏ.) ਨੇ ਸ਼ਹਿਬਾਜ਼ ਦਾ ਨਾਮ ਕਿਸੇ ਹੋਰ ਸੂਚੀ ਵਿਚ ਕਥਿਤ ਤੌਰ ‘ਤੇ ਪਾ ਦਿੱਤਾ, ਜਿਸ ਕਾਰਨ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ। ਇਸ ਵਿਚਕਾਰ ਐੱਫ.ਆਈ.ਏ. ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਬਾਜ਼ ਦਾ ਨਾਮ ਗ੍ਰਹਿ ਮੰਤਰਾਲੇ ਨੇ ਹੁਣ ਤੱਕ ਕਾਲੀ ਸੂਚੀ ਤੋਂ ਨਹੀਂ ਹਟਾਇਆ ਹੈ।