ਜਲੰਧਰ – ਕੋਰੋਨਾ ਨੂੰ ਲੈ ਕੇ ਸਥਿਤੀ ਦਿਨੋ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਪਰ ਫਿਰ ਵੀ ਵਧੇਰੇ ਲੋਕ ਸਮਝ ਨਹੀਂ ਰਹੇ। ਜ਼ਿਲ੍ਹੇ ਵਿਚ ਸ਼ਨੀਵਾਰ ਨੂੰ 11 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਅਤੇ 700 ਤੋਂ ਵਧੇਰੇ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸਿਹਤ ਮਹਿਕਮੇ ਨੂੰ ਸ਼ੁੱਕਰਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕਰੀਬ 700 ਤੋਂ ਵਧੇਰੇ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ।
ਹੁਣ ਜੰਮੂ ਹਸਪਤਾਲ ਵਿਚ ਵੀ ਹੋਵੇਗਾ ਕੋਰੋਨਾ ਮਰੀਜ਼ਾਂ ਦਾ ਇਲਾਜ
ਸਥਾਨਕ ਕਪੂਰਥਲਾ ਰੋਡ ’ਤੇ ਸਥਿਤ ਜੰਮੂ ਹਸਪਤਾਲ ਵਿਚ ਹੁਣ ਕੋਰੋਨਾ ਦੇ ਲੈਵਲ-2 ਅਤੇ 3 ਦੇ ਮਰੀਜ਼ਾਂ ਦੇ ਇਲਾਜ ਲਈ ਸਹੂਲਤ ਸ਼ੁਰੂ ਕੀਤੀ ਗਈ ਹੈ। ਹਸਪਤਾਲ ਦੇ ਡਾਇਰੈਕਟਰ ਡਾ. ਜੀ. ਐੱਸ. ਜੰਮੂ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਸਰਕਾਰ ਵੱਲੋਂ ਨਿਰਧਾਰਿਤ ਰੇਟਾਂ ’ਤੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕੋਵਿਡ ਕੇਅਰ ਸੈਂਟਰ ਵਿਚ ਦਿੱਲੀ ਅਤੇ ਹੋਰ ਸੂਬਿਆਂ ਦੇ ਕੋਰੋਨਾ ਪਾਜ਼ੇਟਿਵ ਮਰੀਜ਼ ਇਲਾਜ ਕਰਵਾਉਣ ਆ ਰਹੇ ਹਨ।