ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ‘ਚ ਕੋਰੋਨਾ ਆਫ਼ਤ ਕੇਂਦਰ ਦੇ ਪਿਛਲੇ 6 ਮਹੀਨਿਆਂ ‘ਚ ਕੋਈ ਕੰਮ ਨਾ ਕਰਨ ਦਾ ਨਤੀਜਾ ਹੈ, ਕਿਉਂਕਿ ਕੇਂਦਰੀ ਮੰਤਰੀ ਅਤੇ ਨੇਤਾ ਬੰਗਾਲ ‘ਤੇ ਕਬਜ਼ਾ ਕਰਨ ਲਈ ਰੋਜ਼ ਸੂਬੇ ‘ਚ ਆ ਰਹੇ ਸਨ। ਬੈਨਰਜੀ ਵਿਧਾਨ ਸਭਾ ‘ਚ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਬਿਮਾਨ ਬੰਦੋਪਾਧਿਆਏ ਦੇ ਤੀਜੀ ਵਾਰ ਪ੍ਰਧਾਨ ਵਜੋਂ ਚੁਣੇ ਜਾਣ ਤੋਂ ਬਾਅਦ ਬੋਲ ਰਹੀ ਸੀ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਭਾਜਪਾ ਚੋਣਾਂ ਜਿੱਤਣ ‘ਚ ਅਸਫ਼ਲ ਰਹਿਣ ਤੋਂ ਬਾਅਦ ਹਿੰਸਾ ਭੜਕਾ ਰਹੀ ਸੀ। ਬੈਨਰਜੀ ਨੇ ਚੋਣ ਕਮਿਸ਼ਨ ‘ਚ ਸੁਧਾਰ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਕਿਹਾ,”ਮੈਂ ਚੁਣੌਤੀ ਦੇ ਸਕਦੀ ਹਾਂ ਕਿ ਜੇਕਰ ਚੋਣ ਕਮਿਸ਼ਨ ਨੇ ਸਿੱਧੇ-ਸਿੱਧੇ ਉਨ੍ਹਾਂ ਦੀ ਮਦਦ ਨਹੀਂ ਕੀਤੀ ਹੁੰਦਾ ਤਾਂ ਭਾਜਪਾ 30 ਸੀਟਾਂ ਵੀ ਨਹੀਂ ਜਿੱਤ ਪਾਉਂਦੀ। ਇਨ੍ਹਾਂ ਚੋਣਾਂ ‘ਚ ਚੋਣ ਕਮਿਸ਼ਨ ਦੇ ਸਾਹਮਣੇ ਕੁਝ ਸਥਾਨਾਂ ‘ਤੇ ਛੇੜਛਾੜ ਹੋਈ।”
ਉਨ੍ਹਾਂ ਨੇ ਦਾਅਵਾ ਕੀਤਾ,”ਹੁਣ ਭਾਜਪਾ ਜਨਾਦੇਸ਼ ਨੂੰ ਸਵੀਕਾਰ ਨਹੀਂ ਕਰ ਸਕਦੇ ਅਤੇ ਫਰਜ਼ੀ ਵੀਡੀਓ ਪੋਸਟ ਕਰ ਕੇ ਹਿੰਸਾ ਭੜਕਾ ਰਹੇ ਹਨ।” ਉਨ੍ਹਾਂ ਨੇ ਪ੍ਰਸ਼ਾਸਨ ਨੂੰ ਹਿੰਸਾ ਅਤੇ ਫਿਰਕੂ ਤਣਾਅ ਭੜਕਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ। ਬੈਨਰਜੀ ਨੇ ਕਿਹਾ ਕਿ ਕੇਂਦਰੀ ਫ਼ੋਰਸਾਂ ਦੇ ਕਰਮੀ ਆਰ.ਟੀ.-ਪੀ.ਸੀ.ਆਰ. ਕੋਰੋਨਾ ਜਾਂਚ ਕਰਵਾਏ ਬਿਨਾਂ ਚੋਣਾਂ ਦੌਰਾਨ ਸੂਬੇ ‘ਚ ਤਾਇਨਾਤ ਸਨ, ਜਿਸ ਨਾਲ ਇਹ ਸੰਕਰਮਣ ਫੈਲਿਆ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕੇਂਦਰ ਨੇ ਪਿਛਲੇ 6 ਮਹੀਨਿਆਂ ‘ਚ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ,”ਬੰਗਾਲ ‘ਚ ਦੋਹਰੇ ਇੰਜਣ ਵਾਲੀ ਸਰਕਾਰ ਬਣਾਉਣ ਲਈ ਉਨ੍ਹਾਂ ਨੇ ਭਾਰਤ ਨੂੰ ਬਰਬਾਦੀ ਦੀ ਕਗਾਰ ‘ਤੇ ਧੱਕ ਦਿੱਤਾ। ਪਿਛਲੇ 6 ਮਹੀਨਿਆਂ ‘ਚ ਕੇਂਦਰ ਨੇ ਕੋਈ ਕੰਮ ਨਹੀਂ ਕੀਤਾ ਅਤੇ ਉਹ ਬੰਗਾਲ ‘ਤੇ ਕਬਜ਼ਾ ਜਮਾਉਣ ਲਈ ਰੋਜ਼ ਇੱਥੇ ਆਉਂਦੇ ਸਨ।”