ਸਰਕਾਰੀ ਪ੍ਰਚਾਰ ਦੀ ਖੁੱਲ੍ਹੀ ਪੋਲ, ਲੋਕ ਕੋਰੋਨਾ ਵੈਕਸੀਨ ਲਈ ਤਿਆਰ ਪਰ ਹਸਪਤਾਲਾਂ ਨੇ ਖੜ੍ਹੇ ਕੀਤੇ ਹੱਥ

ਰੂਪਨਗਰ -ਕੋਰੋਨਾ ਲਾਗ ਦੀ ਬੀਮਾਰੀ ਸੂਬੇ ’ਚ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ। ਇਸ ਨੂੰ ਲੈ ਕੇ ਸਰਕਾਰ ਨੇ ਕਈ ਹਦਾਇਤਾਂ ਜਾਰੀ ਕੀਤੀਆਂ ਹਨ। ਇਕ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਆਪਣੇ ਆਪ ਨੂੰ ਕੋਰੋਨਾ ਤੋਂ ਸੁਰੱਖਿਅਤ ਕਰਨ ਲਈ ਕੋਰੋਨਾ ਰੋਕੂ ਵੈਕਸੀਨ ਲਗਵਾਓ ਪਰ ਦੂਜੇ ਪਾਸੇ ਹਸਪਤਾਲਾਂ ’ਚ ਕੋਰੋਨਾ ਰੋਕੂ ਵੈਕਸੀਨ ਨਾ ਮਿਲਣ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।
ਇਸੇ ਤਰ੍ਹਾਂ ਦੇ ਹਾਲਾਤ ਨੇ ਜ਼ਿਲ੍ਹਾ ਰੂਪਨਗਰ ਦੇ, ਜਿਥੇ ਪਿਛਲੇ 10 ਦਿਨਾਂ ਤੋਂ ਕੋ-ਵੈਕਸੀਨ ਦਾ ਸਟਾਕ ਖਤਮ ਹੋਣ ਕਾਰਨ ਮਰੀਜ਼ਾਂ ਨੂੰ ਦੂਜੀ ਖੁਰਾਕ ਲਗਵਾਉਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ।
ਇਥੇ ਹੀ ਬਸ ਨਹੀਂ ਬਲਕਿ ਕੋਵੀਸ਼ੀਲਡ ਵੈਕਸੀਨ ਦਾ ਸਟਾਕ ਵੀ ਸਿਵਲ ਹਸਪਤਾਲ ’ਚ ਸਿਰਫ਼ ਇੱਕ ਦਿਨ ਦਾ ਹੀ ਬਚਿਆ ਹੈ । ਜੇ ਸ਼ਾਮ ਤਕ ਕੋਵੀਸ਼ੀਲਡ ਵੈਕਸੀਨ ਜ਼ਿਲ੍ਹੇ ’ਚ ਨਾ ਪਹੁੰਚੀ ਤਾਂ ਕੱਲ੍ਹ ਤੋਂ ਜ਼ਿਲ੍ਹੇ ’ਚ ਕੋਵੀਸ਼ੀਲਡ ਵੈਕਸੀਨ ਲਾਉਣ ਦਾ ਕੰਮ ਵੀ ਠੱਪ ਹੋ ਸਕਦਾ ਹੈ।
ਜੇਕਰ ਸਿਹਤ ਵਿਭਾਗ ਤੇ ਸਰਕਾਰ ਦੀ ਮੰਨੀਏ ਤਾਂ ਕੋਰੋਨਾ ਦੀ ਪਹਿਲੀ ਡੋਜ਼ ਤੋਂ ਬਾਅਦ ਦੂਜੀ ਡੋਜ਼ ਚਾਰ ਤੋਂ ਛੇ ਹਫ਼ਤਿਆਂ ’ਚ ਲਗਵਾਉਣੀ ਜ਼ਰੂਰੀ ਹੈ ਪਰ ਜ਼ਿਲ੍ਹਾ ਰੂਪਨਗਰ ਦੇ ਹਸਪਤਾਲਾਂ ’ਚ ਕੋ-ਵੈਕਸੀਨ ਦਾ ਸਟਾਕ ਪਿਛਲੇ 10 ਦਿਨਾਂ ਤੋਂ ਖ਼ਤਮ ਹੋਣ ਕਾਰਨ, ਜਿਨ੍ਹਾਂ ਲੋਕਾਂ ਨੇ ਕੋ-ਵੈਕਸੀਨ ਦੀ ਪਹਿਲੀ ਖੁਰਾਕ ਲਗਾਈ ਸੀ, ਉਨ੍ਹਾਂ ਦਾ ਚਾਰ ਤੋਂ ਛੇ ਹਫ਼ਤਿਆਂ ਦਾ ਸਮਾਂ ਟੱਪ ਚੁੱਕਾ ਹੈ। ਹੁਣ ਮਰੀਜ਼ਾਂ ’ਚ ਇਸ ਗੱਲ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ ਕਿ ਜੋ ਉਨ੍ਹਾਂ ਵੱਲੋਂ ਕੋ-ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਗਈ ਹੈ, ਕੀ ਸਮਾਂ ਲੰਘਣ ਤੋਂ ਬਾਅਦ ਉਸ ਦਾ ਅਸਰ ਰਹੇਗਾ ਕਿ ਨਹੀਂ ਜਾਂ ਉਨ੍ਹਾਂ ਨੂੰ ਦੁਬਾਰਾ ਕੋ-ਵੈਕਸੀਨ ਲਗਵਾਉਣੀ ਪਵੇਗੀ। ਮਰੀਜ਼ਾਂ ਨੂੰ ਇਹ ਤੱਕ ਨਹੀਂ ਦੱਸਿਆ ਜਾ ਰਿਹਾ ਕਿ ਵੈਕਸੀਨ ਕਦੋਂ ਆਉਣੀ ਹੈ ਤੇ ਜੇ ਵੈਕਸੀਨ ਲਗਵਾਉਣ ਦਾ ਸਮਾਂ ਨਿਕਲ ਜਾਂਦਾ ਤਾਂ ਉਸ ਦੇ ਕੀ ਪ੍ਰਭਾਵ ਹੋਣਗੇ।
ਜ਼ਿਕਰਯੋਗ ਹੈ ਕਿ ਇੱਕ ਪਾਸੇ ਤਾਂ ਦੇਸ਼ ਦੀਆਂ ਸਰਕਾਰਾਂ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਲਗਾਤਾਰ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ’ਚ ਇਸ਼ਤਿਹਾਰ ਦੇ ਰਹੀਆਂ ਹਨ ਪਰ ਦੂਜੇ ਪਾਸੇ ਹਸਪਤਾਲਾਂ ’ਚ ਕੋਰੋਨਾ ਵੈਕਸੀਨ ਖ਼ਤਮ ਹੋਣ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ । ਹੁਣ ਦੇਖਣਾ ਹੋਵੇਗਾ ਕਿ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਵੱਡੇ-ਵੱਡੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਕਿੰਨੀ ਕੁ ਜਲਦੀ ਕੋਰੋਨਾ ਵੈਕਸੀਨ ਮੁਹੱਈਆ ਕਰਵਾ ਕੇ ਲੋਕਾਂ ਨੂੰ ਰਾਹਤ ਦੇਣਗੀਆਂ ।