ਬੌਲੀਵੁਡ ਅਦਾਕਾਰ ਰਣਧੀਰ ਕਪੂਰ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਨਾਲ ਲੜਾਈ ਲੜ ਰਹੇ ਹਨ। ਉਨ੍ਹਾਂ ਦਾ ਇਲਾਜ ਮੁੰਬਈ ਦੇ ਕੋਕੀਲਾਬੇਨ ਹਸਪਤਾਲ ‘ਚ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਰਣਧੀਰ ਕਪੂਰ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ, ਜਿਸ ਕਾਰਨ ਉਨ੍ਹਾਂ ਨੂੰ ICU ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ।
ਦੱਸ ਦਈਏ ਕਿ ਇਸ ਹਫ਼ਤੇ ਦੇ ਸੁਰੂ ‘ਚ 74 ਸਾਲਾ ਅਦਾਕਾਰ ਨੂੰ ਕੋਰੋਨਾਵਾਇਰਸ ਦੀ ਲਾਗ ਹੋਣ ਦੀ ਪੁਸ਼ਟੀ ਹੋਈ ਸੀ ਜਿਸ ਤੋਂ ਬਾਅਦ ਉਸ ਨੂੰ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਰਣਧੀਰ ਕਪੂਰ ਨੇ ਦੱਸਿਆ, ”ਮੈਂ ਹੁਣ ਪਹਿਲਾਂ ਨਾਲੋਂ ਬਿਹਤਰ ਹਾਂ। ਮੈਂ ਇੱਕ ਦਿਨ ICU ‘ਚ ਰਿਹਾ ਅਤੇ ਉਹ ਮੈਨੂੰ ICU ‘ਚੋਂ ਬਾਹਰ ਲੈ ਆਏ ਕਿਉਂਕਿ ਮੈਨੂੰ ਹੁਣ ਸਾਹ ਲੈਣ ‘ਚ ਮੁਸ਼ਕਿਲ ਨਹੀਂ ਆਉਂਦੀ ਜਾਂ ਮੈਨੂੰ ਔਕਸੀਜਨ ਦੀ ਜ਼ਰੂਰਤ ਨਹੀਂ ਸੀ। ਮੈਨੂੰ ਬੁਖ਼ਾਰ ਸੀ।” ਰਣਧੀਰ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ”ਮੈਂ ਬਾਹਰ ਨਿਕਲਣ ਲਈ ਬੇਚੈਨ ਹਾਂ। ਮੇਰੇ ਬੱਚਿਆਂ ਨੇ ਮੈਨੂੰ ਹਸਪਤਾਲ ਦਾਖਲ ਹੋਣ ਲਈ ਕਿਹਾ।”
ਦੱਸਣਯੋਗ ਹੈ ਕਿ ਰਣਧੀਰ ਕਪੂਰ ਪ੍ਰਸਿੱਧ ਅਦਾਕਾਰ-ਫ਼ਿਲਮਸਾਜ਼ ਰਾਜ ਕਪੂਰ ਦਾ ਵੱਡਾ ਪੁੱਤਰ ਹੈ। ਇੱਕ ਸਾਲ ਦੇ ਅੰਦਰ ਅਦਾਕਾਰ ਨੇ ਆਪਣੇ ਛੋਟੇ ਭਰਾਵਾਂ ਰਿਸ਼ੀ ਕਪੂਰ (67) ਅਤੇ ਰਾਜੀਵ ਕਪੂਰ (58) ਨੂੰ ਗੁਆ ਦਿੱਤਾ। ਰਣਧੀਰ ਕਪੂਰ ਨੇ ਆਪਣੀ ਫ਼ਿਲਮੀ ਸ਼ੁਰੂਆਤ ਸਾਲ 1971 ‘ਚ ਸ੍ਰੀ 420 ਅਤੇ ਦੋ ਉਸਤਾਦ ਵਰਗੀਆਂ ਫ਼ਿਲਮਾਂ ‘ਚ ਬਾਲ ਕਲਾਕਾਰ ਵਜੋਂ ਕੀਤੀ ਸੀ। ਉਸ ਤੋਂ ਬਾਅਦ ਉਹ ਜੀਤ, ਜਵਾਨੀ ਦੀਵਾਨੀ, ਲਫ਼ੰਗੇ, ਰਾਮਪੁਰ ਕਾ ਲਕਸ਼ਮਣ ਅਤੇ ਹਾਥ ਕੀ ਸਫ਼ਾਈ ‘ਚ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਵਿਆਹ ਅਦਾਕਾਰਾ ਬਬੀਤਾ ਨਾਲ ਹੋਇਆ ਸੀ, ਪਰ ਹੁਣ ਦੋਵੇਂ ਵੱਖ ਹੋ ਚੁੱਕੇ ਹਨ। ਇਸ ਜੋੜੀ ਦੀਆਂ ਦੋ ਬੇਟੀਆਂ ਹਨ – ਕਰਿਸਮਾ ਕਪੂਰ ਅਤੇ ਕਰੀਨਾ ਕਪੂਰ ਖ਼ਾਨ।