ਪੰਜਾਬ ‘ਚ 18-44 ਸਾਲ ਉਮਰ ਵਰਗ ਲਈ ਵੈਕਸੀਨੇਸ਼ਨ ਸ਼ੁਰੂਆਤ ਨੂੰ ਲੈ ਕੇ ਤੈਅ ਨਹੀਂ ਤਾਰੀਖ਼

ਚੰਡੀਗੜ੍ਹ : ਪੰਜਾਬ ਵਿਚ 18 ਤੋਂ 44 ਉਮਰ ਵਰਗ ਲਈ ਵੈਕਸੀਨ ਲਗਾਉਣ ਦੀ ਪ੍ਰਕਿਰਿਆ ’ਤੇ ਹਾਲੇ ਵੀ ਦੁਚਿੱਤੀ ਦੇ ਬੱਦਲ ਹਨ। ਬੁੱਧਵਾਰ ਨੂੰ ਮੰਤਰੀ ਮੰਡਲ ਦੀ ਬੈਠਕ ਵਿਚ ਸਿਹਤ ਸਕੱਤਰ ਹੁਸਨ ਲਾਲ ਨੇ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਨੇ 30 ਲੱਖ ਦੇ ਕਰੀਬ ਖ਼ੁਰਾਕਾਂ ਖਰੀਦਣ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ. ਆਈ. ਆਈ.) ਨੂੰ 26 ਅਪ੍ਰੈਲ ਨੂੰ 10.37 ਕਰੋੜ ਰੁਪਏ ਦੀ ਅਦਾਇਗੀ ਕੀਤੀ ਹੈ ਪਰ ਇੰਸਟੀਚਿਊਟ ਵੱਲੋਂ ਹਾਲੇ ਤੱਕ ਸਪਲਾਈ ਲਈ ਕੋਈ ਬਿਓਰਾ ਪ੍ਰਾਪਤ ਨਹੀਂ ਹੋਇਆ।
ਕੁੱਝ ਨਿੱਜੀ ਹਸਪਤਾਲਾਂ, ਜਿਨ੍ਹਾਂ ਨੇ ਵੈਕਸੀਨ ਲਈ ਸਿੱਧਾ ਆਰਡਰ ਦਿੱਤਾ ਸੀ, ਨੇ 18-44 ਸਾਲ ਦੀ ਉਮਰ ਦੇ ਲੋਕਾਂ ਦੇ ਟੀਕਾਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲਈ ਐੱਸ. ਆਈ. ਆਈ. ਨੇ ਸੰਕੇਤ ਦਿੱਤੇ ਹਨ ਕਿ ਕੋਵੀਸ਼ੀਲਡ ਦੀ ਉਪਲੱਬਧਤਾ ਬਾਰੇ ਅਗਲੇ ਚਾਰ ਹਫ਼ਤਿਆਂ ਵਿਚ ਪਤਾ ਲੱਗੇਗਾ। ਅਜਿਹੇ ਹਾਲਾਤ ‘ਚ ਸਰਕਾਰੀ ਹਸਪਤਾਲਾਂ ਵਿਚ 18-44 ਸਾਲ ਉਮਰ ਵਰਗ ਲਈ ਵੈਕਸੀਨ ਦੀ ਸ਼ੁਰੂਆਤ ਨਹੀਂ ਹੋ ਸਕੀ ਅਤੇ ਨਾ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਪ੍ਰਕਿਰਿਆ ਕਦੋਂ ਸ਼ੁਰੂ ਹੋਵੇਗੀ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਟੀਕਾਕਰਨ ਦੀ ਸਪਲਾਈ ਲਈ ਸਾਰੀਆਂ ਸੰਭਾਵਨਾਵਾਂ ਲੱਭਣ ਦੇ ਹੁਕਮ ਦਿੱਤੇ ਹਨ।
ਇਸ ਦੌਰਾਨ ਮੰਤਰੀ ਮੰਡਲ ਨੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ ਸਥਾਪਤ ਕਰਨ ਲਈ ਮੋਹਾਲੀ ਦੇ ਮੁੱਲਾਂਪੁਰ ਗਰੀਬਦਾਸ ਵਿਚ 5 ਏਕੜ ਪੰਚਾਇਤੀ ਜ਼ਮੀਨ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਨੂੰ ਤਬਦੀਲ ਕਰਨ ਲਈ ਪੰਜਾਬ ਵਿਲੇਜ਼ ਕਾਮਨ ਲੈਂਡਜ (ਰੈਗੂਲੇਸ਼ਨ) ਰੂਲਜ਼, 1964 ਵਿਚ ਇੱਕ ਵਾਰ ਦੀ ਢਿੱਲ ਦੇਣ ਦੀ ਮਨਜ਼ੂਰੀ ਦਿੱਤੀ ਹੈ। ਇਹ ਇੰਸਟੀਚਿਊਟ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਪ੍ਰਸਤਾਵ ’ਤੇ ਮਨਜ਼ੂਰ ਕੀਤਾ ਗਿਆ ਹੈ। ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਕਿ ਇੰਸਟੀਚਿਊਟ ਦਾ ਨਿਰਮਾਣ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗਾ।