ਗ੍ਰਹਿ ਮੰਤਰਾਲਾ ਨੇ ਬੰਗਾਲ ਹਿੰਸਾ ਦੀ ਜਾਂਚ ਲਈ 4 ਮੈਂਬਰੀ ਦਲ ਦਾ ਕੀਤਾ ਗਠਨ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰਾਲਾ ਨੇ ਪੱਛਮੀ ਬੰਗਾਲ ‘ਚ ਚੋਣਾਂ ਤੋਂ ਬਾਅਦ ਹਿੰਸਾ ਦੇ ਕਾਰਨਾਂ ਦੀ ਪੜਤਾਲ ਕਰਨ ਅਤੇ ਸੂਬੇ ‘ਚ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ 4 ਮੈਂਬਰੀ ਦਲ ਦਾ ਗਠਨ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਮੰਤਰਾਲਾ ਦੇ ਇਕ ਐਡੀਸ਼ਨਲ ਸਕੱਤਰ ਦੀ ਅਗਵਾਈ ‘ਚ ਦਲ ਪੱਛਮੀ ਬੰਗਾਲ ਲਈ ਰਵਾਨਾ ਹੋ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਬੁੱਧਵਾਰ ਨੂੰ ਪੱਛਮੀ ਬੰਗਾਲ ਸਰਕਾਰ ਤੋਂ ਸੂਬੇ ‘ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਪੂਰੀ ਰਿਪੋਰਟ ਸੌਂਪਣ ਅਤੇ ਸਮਾਂ ਗੁਆਏ ਬਿਨਾਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਨੂੰ ਕਿਹਾ ਸੀ।
ਮੰਤਰਾਲਾ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਸੂਬਾ ਸਰਕਾਰ ਅਜਿਹਾ ਕਰਨ ‘ਚ ਅਸਫ਼ਲ ਹੁੰਦੀ ਹੈ ਤਾਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ‘ਚ ਮੰਗਲਵਾਰ ਤੱਕ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਚੁਕੀ ਹੈ। ਭਾਜਪਾ ਨੇ ਦੋਸ਼ ਲਗਾਇਆ ਹੈ ਕਿ ਤ੍ਰਿਣਮੂਲ ਕਾਂਗਰਸ ਸਮਰਥਿਤ ਗੁੰਡਿਆਂ ਨੇ ਪਾਰਟੀ ਦੇ ਵਰਕਰਾਂ ਦਾ ਕਤਲ ਕੀਤਾ, ਮਹਿਲਾ ਮੈਂਬਰਾਂ ‘ਤੇ ਹਮਲੇ ਕੀਤੇ, ਉਨ੍ਹਾਂ ਦੇ ਘਰਾਂ ‘ਚ ਭੰਨ-ਤੋੜ ਕੀਤੀ, ਦੁਕਾਨਾਂ ਨੂੰ ਲੁੱਟ ਲਿਆ ਅਤੇ ਦਫ਼ਤਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।
ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਬੁੱਧਵਾਰ ਨੂੰ ਬੰਗਾਲ ਦੇ ਹਿੰਸਾ ਪ੍ਰਭਾਵਿਤ ਪਰਿਵਾਰਾਂ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਚੋਣਾਂ ਤੋਂ ਬਾਅਦ ਹਿੰਸਾ ‘ਚ ਬੰਗਾਲ ‘ਚ ਘੱਟੋ-ਘੱਟ 14 ਭਾਜਪਾ ਵਰਕਰਾਂ ਦੇ ਕਤਲ ਕਰ ਦਿੱਤਾ ਗਿਆ ਹੈ ਕਿ ਇਕ ਲੱਖ ਦੇ ਕਰੀਬ ਲੋਕ ਆਪਣੇ ਘਰ ਛੱਡਣ ਨੂੰ ਮਜ਼ਬੂਰ ਹੋਏ ਹਨ। ਹਾਲਾਂਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਸੀ ਅਤੇ ਕਿਹਾ ਕਿ ਹਿੰਸਾ ਅਤੇ ਟਕਰਾਅ ਉਨ੍ਹਾਂ ਖੇਤਰਾਂ ‘ਚ ਹੋ ਰਿਹਾ ਹੈ, ਜਿੱਥੇ ਭਾਜਪਾ ਦੇ ਉਮੀਦਵਾਰਾਂ ਨੇ ਚੋਣਾਂ ‘ਚ ਜਿੱਤ ਦਰਜ ਕੀਤੀ ਹੈ।