ਸੋਸਲ ਮੀਡੀਆ ‘ਤੇ ਬੌਲੀਵੁਡ ਦੀਆਂ ਮਸਹੂਰ ਹਸਤੀਆਂ ਬਾਰੇ ਕਈ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਜੇ ਇਨ੍ਹਾਂ ‘ਚੋਂ ਬਹੁਤ ਸਾਰੀਆਂ ਸਹੀ ਹੁੰਦੀਆਂ ਹਨ ਤਾਂ ਬਹੁਤ ਸਾਰੀਆਂ ਝੂਠ ਵੀ ਸਾਬਿਤ ਹੁੰਦੀਆਂ ਹਨ। ਸਿਤਾਰਿਆਂ ਨੂੰ ਵੀ ਕਈ ਵਾਰ ਅਜਿਹੀਆਂ ਖ਼ਬਰਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਬੌਲੀਵੁਡ ਅਦਾਕਾਰਾ ਇਲਿਆਨਾ ਡੀਕਰੂਜ਼ ਨੇ ਹਾਲ ਹੀ ‘ਚ ਅਜਿਹੀ ਹੀ ਇਕ ਘਟਨਾ ਬਾਰੇ ਦੱਸਿਆ ਜਦੋਂ ਉਹ ਵੀ ਝੂਠੀਆਂ ਖ਼ਬਰਾਂ ਦਾ ਸ਼ਿਕਾਰ ਹੋ ਗਈ ਸੀ।
ਗਰਭਪਾਤ ਕਰਵਾਉਣ ਦੀ ਆਈ ਖ਼ਬਰ
ਇਲਿਆਨਾ ਨੇ ਬੌਲੀਵੁਡ ਹੰਗਾਮਾ ਨਾਲ ਗੱਲਬਾਤ ਦੌਰਾਨ ਦੱਸਿਆ, ”ਥੋੜ੍ਹਾ ਸਮਾਂ ਹੋ ਗਿਐ, ਇੱਕ ਖ਼ਬਰ ਆਈ ਸੀ ਜਿਸ ‘ਚ ਇਹ ਦੱਸਿਆ ਗਿਆ ਕਿ ਮੈਂ ਗਰਭਵਤੀ ਹਾਂ ਅਤੇ ਮੇਰਾ ਗਰਭਪਾਤ ਹੋ ਗਿਆ ਹੈ। ਇਹ ਅਫ਼ਵਾਹ ਬਹੁਤ ਦੁਖੀ ਕਰਨ ਵਾਲੀ ਸੀ, ਸੱਚ ਕਹਿ ਰਹੀ ਹਾਂ, ਜਿਸ ਕਿਸੇ ਨੇ ਵੀ ਇਹ ਚੀਜ਼ ਲਿਖੀ ਹੋਵੇਗੀ, ਇਹ ਬਹੁਤ ਅਜੀਬ ਸੀ।” ਇਲਿਆਨਾ ਡੀਕਰੂਜ਼ ਨੇ ਉਨ੍ਹਾਂ ਖ਼ਬਰਾਂ ਬਾਰੇ ਵੀ ਦੱਸਿਆ ਜਿਨ੍ਹਾਂ ‘ਚ ਦੱਸਿਆ ਗਿਆ ਕਿ ਉਸ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।
ਖ਼ੁਦਕੁਸ਼ੀ ਦੀ ਖ਼ਬਰ ਹੋਈ ਵਾਇਰਲ
ਇਲਿਆਨਾ ਨੇ ਕਿਹਾ, ”ਇੱਕ ਹੋਰ ਖ਼ਬਰ ਆਈ ਜਿਸ ‘ਚ ਮੈਂ ਖ਼ੁਦਕੁਸ਼ੀ ਕੀਤੀ ਸੀ, ਪਰ ਨਹੀਂ ਮੈਂ ਖ਼ੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਅਫ਼ਵਾਹ ਇਹ ਸੀ ਕਿ ਮੈਂ ਬਹੁਤ ਉਦਾਸ ਸਾਂ ਸੋ ਮੈਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਬਚ ਗਈ ਅਤੇ ਫ਼ਿਰ ਮੇਰੀ ਮੇਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਫ਼ਰਕ ਸਿਰਫ਼ ਇੰਨਾ ਸੀ ਕਿ ਮੇਰੇ ਕੋਲ ਕੋਈ ਮੇਡ ਨਹੀਂ ਸੀ। ਮੈਂ ਖ਼ੁਦਕੁਸ਼ੀ ਵੀ ਨਹੀਂ ਸੀ ਕੀਤੀ। ਮੈਂ ਜ਼ਿੰਦਾ ਸੀ … ਇਨ੍ਹਾਂ ਸਭ ਚੀਜ਼ਾਂ ਦਾ ਕੋਈ ਅਰਥ ਨਹੀਂ। ਮੈਨੂੰ ਸਮਝ ਨਹੀਂ ਆ ਰਿਹਾ ਕਿ ਉਹ ਇਸ ਤਰ੍ਹਾਂ ਦੀ ਜਾਣਕਾਰੀ ਕਿਥੋਂ ਲੈਂਦੇ ਹਨ?”
2018 ‘ਚ ਆਈ ਸੀ ਗਰਭ ਅਵਸਥਾ ਦੀ ਖ਼ਬਰ
ਦੱਸਣਯੋਗ ਹੈ ਕਿ ਸਾਲ 2018 ‘ਚ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਇਲਿਆਨਾ ਗਰਭਵਤੀ ਹੈ ਅਤੇ ਜਲਦ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ। ਗੱਲ ਓਦੋਂ ਦੀ ਹੈ ਜਦੋਂ ਉਹ ਐਂਡ੍ਰੀਊ ਨੀਬੋਨ ਨਾਲ ਰਿਸ਼ਤੇ ‘ਚ ਸੀ। ਹਾਲਾਂਕਿ ਬਾਅਦ ‘ਚ ਉਸ ਨੇ ਇਕ ਇਨਸਟਾਗ੍ਰੈਮ ਪੋਸਟ ਰਾਹੀਂ ਉਨ੍ਹਾਂ ਰਿਪੋਰਟਾਂ ਤੋਂ ਇਨਕਾਰ ਕੀਤਾ।