ਕੋਰੋਨਾ ਆਫਤ: ਕੇਰਲ ’ਚ 8 ਮਈ ਤੋਂ ਮੁਕੰਮਲ ਤਾਲਾਬੰਦੀ ਦਾ ਐਲਾਨ

ਤਿਰੂਅਨੰਤਪੁਰਮ — ਕੇਰਲ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਲਾਗ ਦੀ ਦੂਜੀ ਲਹਿਰ ਕਾਰਨ ਤੇਜ਼ੀ ਨਾਲ ਵੱਧ ਦੇ ਮਾਮਲਿਆਂ ਕਾਰਨ 8 ਮਈ ਤੋਂ ਸੂਬੇ ’ਚ ਮੁਕੰਮਲ ਤਾਲਾਬੰਦੀ ਰਹੇਗੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 9 ਦਿਨਾਂ ਤਾਲਾਬੰਦੀ 8 ਮਈ ਦੀ ਸਵੇਰੇ 6 ਵਜੇ ਤੋਂ 16 ਮਈ ਤੱਕ ਲਾਗੂ ਰਹੇਗੀ।
ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਰੋਕਣ ਲਈ ਕੇਰਲ ’ਚ ਪਿਨਰਈ ਵਿਜਯਨ ਦੀ ਅਗਵਾਈ ਵਾਲੀ ਸਰਕਾਰ ਵੱਖ-ਵੱਖ ਗਤੀਵਿਧੀਆਂ ’ਤੇ ਪਹਿਲਾਂ ਹੀ ਪਾਬੰਦੀਆਂ ਲੱਗਾ ਚੁੱਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਕਾਰਨ ਕੇਰਲ ਸਭ ਤੋਂ ਪ੍ਰਭਾਵਿਤ ਸੂਬਿਆਂ ’ਚੋਂ ਇਕ ਹੈ। ਕੇਰਲ ’ਚ ਬੁੱਧਵਾਰ ਨੂੰ ਕੋਰੋਨਾ ਲਾਗ ਦੇ ਸਭ ਤੋਂ ਵੱਧ 41,953 ਮਾਮਲੇ ਸਾਹਮਣੇ ਆਏ ਹਨ ਅਤੇ 58 ਮੌਤਾਂ ਹੋਈਆਂ ਹਨ। ਸੂਬੇ ਵਿਚ ਸਰਗਰਮ ਕੇਸਾਂ ਦੀ ਗਿਣਤੀ 3,75,658 ਹੈ। ਸੂਬੇ ’ਚ ਕੋਵਿਡ-19 ਮਾਮਲਿਆਂ ’ਚ ਬੁੱਧਵਾਰ ਨੂੰ ਸਭ ਤੋਂ ਵੱਧ ਕੇਸ ਵੇਖਣ ਨੂੰ ਮਿਲੇ ਹਨ।
ਸੂਬਾ ਸਰਕਾਰ ਵਲੋਂ ਬੁੱਧਵਾਰ ਨੂੰ ਮੈਡੀਕਲ ਵਿਦਿਆਰਥੀਆਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਕੋਵਿਡ-19 ਨਾਲ ਮਜ਼ਬੂਤ ਤਰੀਕੇ ਨਾਲ ਨਜਿੱਠਣ ਦੇ ਫ਼ੈਸਲੇ ਮਗਰੋਂ ਤਾਲਾਬੰਦੀ ਦਾ ਫ਼ੈਸਲਾ ਲਿਆ ਗਿਆ। ਸਥਿਤੀ ਨੂੰ ਗੰਭੀਰ ਦੱਸਦੇ ਹੋਏ ਮੁੱਖ ਮੰਤਰੀ ਵਿਜਯਨ ਨੇ ਕਿਹਾ ਕਿ ਇਲਾਕਿਆਂ ਦੇ ਮੈਡੀਕਲ ਵਿਦਿਆਰਥੀਆਂ ਨੂੰ ਸ਼ਾਮਲ ਕਰ ਕੇ ਵਾਰਡ ਪੱਧਰ ਦੀਆਂ ਕਮੇਟੀਆਂ ਅਤੇ ਤੇਜ਼ੀ ਨਾਲ ਟੀਮਾਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ।