2 ਮਈ ਨੂੰ ਦੇਸ਼ ’ਚ ਸਭ ਤੋਂ ਘੱਟ ਸਿਰਫ 3.80 ਲੱਖ ਟੀਕੇ ਲੱਗੇ

ਨਵੀਂ ਦਿੱਲੀ- ਆਕਸੀਜਨ ਦੀ ਕਮੀ ਤੇ ਸਹੀ ਢੰਗ ਨਾਲ ਉਸ ਦਾ ਪ੍ਰਬੰਧਨ ਨਾ ਹੋਣ ਨਾਲ ਦੇਸ਼ ’ਚ ਦਰਦਨਾਕ ਦ੍ਰਿਸ਼ਾਂ ਵਿਚਾਲੇ ਟੀਕਾਕਰਨ ਪ੍ਰੋਗਰਾਮ ਨੂੰ ਵੀ 2 ਮਈ ਨੂੰ ਭਾਰੀ ਝਟਕਾ ਲੱਗਾ। 2 ਅਪ੍ਰੈਲ ਨੂੰ ਇਕ ਦਿਨ ’ਚ 42.70 ਲੱਖ ਟੀਕੇ ਲਗਾਉਣ ਦੇ ਮੁਕਾਬਲੇ ’ਚ 2 ਮਈ ਨੂੰ ਇਕ ਦਿਨ ’ਚ ਸਿਰਫ 3.80 ਲੱਖ ਟੀਕੇ ਹੀ ਲਗਾਏ ਜਾ ਸਕੇ।
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਭਾਰੀ ਗਿਰਾਵਟ 18 ਤੋਂ ਉੱਪਰ ਵਾਲਿਆਂ ਨੂੰ ਟੀਕਾ ਲਗਾਉਣ ਦੇ ਪ੍ਰੋਗਰਾਮ ਦੇ ਅਗਲੇ ਦਿਨ ਸਾਹਮਣੇ ਆਈ। ਪਹਿਲੇ ਦਿਨ (1 ਮਈ) ਨੂੰ ਦੇਸ਼ ’ਚ 13.80 ਲੱਖ ਟੀਕੇ ਲਗਾਏ ਗਏ ਜਦਕਿ 30 ਅਪ੍ਰੈਲ ਨੂੰ 27.40 ਲੱਖ ਟੀਕੇ ਲਗਾਏ ਗਏ ਸਨ। ਕੇਂਦਰੀ ਸਿਹਤ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਹਾਲਤ ਲਈ ਸੂਬਿਆਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ, ਜਿਨ੍ਹਾਂ ਕੋਲ ਅਜੇ ਵੀ 75 ਲੱਖ ਟੀਕੇ ਮੌਜੂਦ ਹਨ।
ਅਧਿਕਾਰੀ ਨੇ ਕਿਹਾ ਕਿ ਸਾਡਾ ਕੰਮ ਸੂਬਿਆਂ ਨੂੰ ਟੀਕੇ ਦੇਣਾ ਹੈ ਤੇ ਇਹ ਸੂਬਿਆਂ ’ਤੇ ਨਿਰਭਰ ਹੈ ਕਿ ਉਹ ਆਪਣੇ ਲੋਕਾਂ ਨੂੰ ਟੀਕੇ ਲਗਾਉਣ। ਅਧਿਕਾਰੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਲਾਕਡਾਊਨ, ਪਾਬੰਦੀਆਂ ਤੇ ਟੀਕਿਆਂ ਨੂੰ ਪਹੁੰਚਾਉਣ ’ਚ ਆ ਰਹੀਆਂ ਮੁਸ਼ਕਿਲਾਂ ਦੇ ਕਾਰਨ ਇਹ ਗਿਰਾਵਟ ਆਈ ਹੋਵੇ। ਕਾਰਨ ਜੋ ਵੀ ਹੋਵੇ, ਕੇਂਦਰ 2 ਮਈ ਨੂੰ ਇੰਨੇ ਘੱਟ ਟੀਕਾਕਰਨ ਨੂੰ ਲੈ ਕੇ ਖਿਝਿਆ ਹੋਇਆ ਹੈ ਕਿਉਂਕਿ ਅਜਿਹੀ ਗਿਰਾਵਟ ਦਾ ਮਤਲਬ ਹੋਵੇਗਾ, ਜ਼ਿਆਦਾ ਨਵੇਂ ਮਾਮਲੇ ਤੇ ਜ਼ਿਆਦਾ ਮੌਤ ਦਰ।
ਇਕ ਹੋਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮਹਾਰਾਸ਼ਟਰ ਨੇ 2 ਮਈ ਨੂੰ 20,000 ਟੀਕੇ ਲਗਾਏ ਜਦਕਿ ਦਿੱਲੀ ’ਚ ਸਿਰਫ 3700 ਟੀਕੇ ਲੱਗੇ। ਇਨ੍ਹਾਂ ਦੋਵਾਂ ਸਥਾਨਾਂ ’ਤੇ ਸਭ ਤੋਂ ਵੱਧ ਕੋਰੋਨਾ ਮਾਮਲੇ ਆ ਰਹੇ ਹਨ। ਹਰਿਆਣਾ ਨੇ ਇਸ ਤਰੀਕ ਨੂੰ 17,100 ਟੀਕੇ ਜਦਕਿ ਪੰਜਾਬ ਨੇ 20,900 ਟੀਕੇ ਲਗਾਏ ਜੋ ਕਿ ਅਪ੍ਰੈਲ ’ਚ ਸਭ ਤੋਂ ਘੱਟ ਹਨ। ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ’ਚ 15,300 ਟੀਕੇ ਤਾਂ ਗੁਜਰਾਤ ’ਚ ਸਭ ਤੋਂ ਵੱਧ 53,600 ਟੀਕੇ ਲਗਾਏ ਗਏ। ਪਤਾ ਹੈ, ਪੱਛਮੀ ਬੰਗਾਲ ’ਚ ਇਸ ਦਿਨ ਕਿੰਨੇ ਟੀਕੇ ਲਗਾਏ ਗਏ-ਸਿਰਫ 1600।