ਪੱਛਮੀ ਬੰਗਾਲ ’ਚ ਮੁੜ ‘ਦੀਦੀ’ ਦੀ ਸਰਕਾਰ, ਮਮਤਾ ਬੈਨਰਜੀ ਨੇ ਤੀਜੀ ਵਾਰ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਕੋਲਕਾਤਾ— ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਅਹੁਦੇ ਦੇ ਸਹੁੰ ਚੁਕਾਈ। ਕੋਲਕਾਤਾ ਵਿਖੇ ਰਾਜਭਵਨ ’ਚ ਸਾਦੇ ਸਮਾਰੋਹ ’ਚ ਮਮਤਾ ਬੈਨਰਜੀ ਨੇ ਮੁੱਖ ਮੰਤਰੀ ਵਜੋਂ ਤੀਜੀ ਵਾਰ ਸਹੁੰ ਚੁੱਕੀ। ਕੋਰੋਨਾ ਕਾਲ ਅਤੇ ਉਸ ਦੇ ਦਿਸ਼ਾ-ਨਿਰਦੇਸ਼ ਦੀ ਵਜ੍ਹਾ ਕਰ ਕੇ ਸਹੁੰ ਚੁੱਕ ਸਮਾਰੋਹ ਛੋਟਾ ਹੀ ਰੱਖਿਆ ਗਿਆ। ਅਜੇ ਵਿਧਾਇਕਾਂ ਦਾ ਸਹੁੰ ਚੁੱਕ ਸਮਾਗਮ ਨਹੀਂ ਹੋਇਆ। ਮਮਤਾ ਬੈਨਰਜੀ ਨੇ ਇਕੱਲੇ ਹੀ ਸਹੁੰ ਚੁੱਕੀ ਹੈ। ਉਨ੍ਹਾਂ ਨਾਲ ਕਿਸੇ ਵੀ ਮੰਤਰੀ ਨੇ ਸਹੁੰ ਨਹੀਂ ਚੁੱਕੀ। ਇਸ ਦੌਰਾਨ ਮੰਚ ’ਤੇ ਮਮਤਾ ਬੈਨਰਜੀ ਅਤੇ ਰਾਜਪਾਲ ਜਗਦੀਪ ਧਨਖੜ ਹੀ ਨਜ਼ਰ ਆਏ। ਇਸ ਸਹੁੰ ਚੁੱਕ ਸਮਾਗਮ ਵਿਚ ਟੀ. ਐੱਮ. ਸੀ. ਦੇ ਚੁਣਾਵੀ ਰਣਨੀਤੀਕਾਰ ਰਹੇ ਪ੍ਰਸ਼ਾਤ ਕਿਸ਼ੋਰ ਮੌਜੂਦ ਰਹੇ। ਇਸ ਤੋਂ ਇਲਾਵਾ ਮਮਤਾ ਦੇ ਭਤੀਜੇ ਅਭਿਸ਼ੇਕ ਬੈਨਰਜੀ, ਪ੍ਰਦੀਪ ਭੱਟਾਚਾਰੀਆ ਅਤੇ ਕੁਝ ਟੀ. ਐੱਮ. ਸੀ. ਵਿਧਾਇਕ ਇਸ ਸਮਾਰੋਹ ’ਚ ਪਹੁੰਚੇ। ਭਾਜਪਾ ਨੇ ਇਸ ਸਮਾਰੋਹ ਦਾ ਬਾਇਕਾਟ ਕੀਤਾ ਅਤੇ ਕੋਈ ਉਦਯੋਗਪਤੀ ਇਸ ਸਮਾਰੋਹ ਦਾ ਹਿੱਸਾ ਨਹੀਂ ਬਣਿਆ।
ਸਹੁੰ ਚੁੱਕਣ ਮਗਰੋਂ ਮਮਤਾ ਬੈਨਰਜੀ ਬੋਲੀ-
ਸਹੁੰ ਚੁੱਕਣ ਮਗਰੋਂ ਮਮਤਾ ਬੈਨਰਜੀ ਨੇ ਕਿਹਾ ਕਿ ਕੋਰੋਨਾ ਵਾਇਰਸ ਖ਼ਿਲਾਫ਼ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਿੰਸਾ ਦੀ ਘਟਨਾ ਬਰਦਾਸ਼ਤ ਨਹੀਂ ਹੋਵੇਗੀ ਅਤੇ ਅਜਿਹਾ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਰਾਜਪਾਲ ਨੇ ਦਿੱਤੀ ਨਸੀਹਤ-
ਬੈਨਰਜੀ ਨੂੰ ਆਪਣੀ ਛੋਟੀ ਭੈਣ ਦੱਸਦੇ ਹੋਏ ਉਨ੍ਹਾਂ ਨੂੰ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਨਸੀਹਤ ਦਿੱਤੀ। ਰਾਜਪਾਲ ਧਨਖੜ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਦਾ ਰਾਜ ਹੋਣਾ ਚਾਹੀਦਾ ਹੈ। ਉਮੀਦ ਹੈ ਕਿ ਮਮਤਾ ਸੰਵਿਧਾਨ ਦੇ ਹਿਸਾਬ ਨਾਲ ਚਲੇਗੀ। ਮਮਤਾ ਬੈਨਰਜੀ ਨੇ ਕਿਹਾ ਕਿ ਅਜੇ ਤੱਕ ਸਭ ਕੁਝ ਚੋਣ ਕਮਿਸ਼ਨ ਦੇ ਅਧੀਨ ਸੀ। ਮੈਂ ਸਹੁੰ ਚੁੱਕ ਲਈ ਹੈ, ਨਵੇਂ ਸਿਰਿਓਂ ਵਿਵਸਥਾ ਕਰਾਂਗੀ।
ਟੀ. ਐੱਮ. ਸੀ. ਦੀ ਬੰਪਰ ਵੋਟਾਂ ਨਾਲ ਜਿੱਤ—
ਦੱਸ ਦੇਈਏ ਕਿ 2 ਮਈ ਨੂੰ ਪੱਛਮੀ ਬੰਗਾਲ ਸਮੇਤ 5 ਸੂਬਿਆਂ ਦੇ ਆਏ ਚੋਣ ਨਤੀਜਿਆਂ ’ਚ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ ਬੰਪਰ ਵੋਟਾਂ ਨਾਲ ਜਿੱਤ ਹਾਸਲ ਕੀਤੀ। ਟੀ. ਐੱਮ. ਸੀ. ਨੇ 292 (2 ਸੀਟਾਂ ’ਤੇ ਚੋਣਾਂ ਨਹੀਂ ਹੋਈਆਂ) ’ਚੋਂ 213 ਸੀਟਾਂ ’ਤੇ ਜਿੱਤ ਦਰਜ ਕੀਤੀ। ਜਦਕਿ ਭਾਜਪਾ 77 ਸੀਟਾਂ ’ਤੇ ਸਿਮਟ ਗਈ। ਹਾਲਾਂਕਿ ਮਮਤਾ ਬੈਨਰਜੀ ਸਭ ਤੋਂ ਹਾਈ-ਪ੍ਰੋਫਾਈਲ ਸੀਟ ਨੰਦੀਗ੍ਰਾਮ ਤੋਂ ਹਾਰ ਗਈ, ਉਨ੍ਹਾਂ ਨੂੰ 1956 ਵੋਟਾਂ ਦੇ ਫਰਕ ਨਾਲ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਨੇ ਹਰਾਇਆ।