ਗਲਾਸਗੋ/ਲੰਡਨ : ਬ੍ਰਿਟੇਨ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ 3 ਭਰਾਵਾਂ ਨੂੰ ਇਕ 22 ਸਾਲਾ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰਕੈਦ ਦੀ ਸਜ਼ਾ ਸੁਣਾਈ ਹੈ। ਦਰਅਸਲ ਲੰਡਨ ਵਿਚ ਡੇਢ ਸਾਲ ਪਹਿਲਾਂ ਹੋਏ ਇਕ ਵਿਵਾਦ ਵਿਚ ਇਨ੍ਹਾਂ ਤਿੰਨਾਂ ਭਰਾਵਾਂ ਨੇ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਕਮਲ ਸੋਹਲ (23), ਸੁਖਵਿੰਦਰ ਸੋਹਲ (25) ਅਤੇ ਮਾਈਕਲ ਸੋਹਲ (28) ਨੂੰ ਸਤੰਬਰ 2019 ਵਿਚ ਪੱਛਮੀ ਲੰਡਨ ਦੇ ਐਕਟਨ ਖੇਤਰ ਵਿਚ ਓਸਵਾਲਡੋ ਡੀ ਕਾਰਵਾਲਹੋ ਦਾ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ ਹੈ।
ਦੱਖਣੀ ਲੰਡਨ ਦੀ ਕ੍ਰਾਇਡਨ ਕਰਾਊਨ ਅਦਾਲਤ ਨੇ 16 ਫਰਵਰੀ ਨੂੰ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ। ਅਦਾਲਤ ਨੇ ਕਮਲ ਸੋਹਲ ਨੂੰ ਘੱਟ ਤੋਂ ਘੱਟ 22 ਸਾਲ ਦੀ ਉਮਰਕੈਦ ਦੀ ਸਜ਼ਾ ਸੁਣਾਈ ਹੈ। ਉਥੇ ਹੀ ਸੁਖਵਿੰਦਰ ਅਤੇ ਮਾਈਕਲ ਨੂੰ ਘੱਟ ਤੋਂ ਘੱਟ 19 ਸਾਲ ਦੀ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਬਾਅਦ ਅਦਾਲਤ ਪੈਰੋਲ ’ਤੇ ਵਿਚਾਰ ਕਰੇਗੀ। ਇਸ ਦੇ ਇਲਾਵਾ ਇਸ ਮਾਮਲੇ ਵਿਚ ਕਤਲ ਦੇ ਚੌਥੇ ਦੋਸ਼ੀ ਐਂਟੋਨੀ ਜੋਰਜ (24) ਨੂੰ 9 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਲੰਡਨ ਪੁਲਸ ਵਿਭਾਗ ਨੇ ਇਸ ਮਾਮਲੇ ਵਿਚ ਮ੍ਰਿਤਕ ਓਸਵਾਲਡੋ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ।
ਕੀ ਸੀ ਮਾਮਲਾ
ਦਰਅਸਲ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਸੋਹਲ ਅਤੇ ਓਸਵਾਲਡੋ ਗਰੁੱਪ ਵਿਚਾਲੇ ਲੰਬੇ ਸਮੇਂ ਤੋਂ ਦੁਸ਼ਮਣੀ ਚੱਲ ਰਹੀ ਸੀ। ਸੁਖਮਿੰਦਰ ਅਤੇ ਮਾਈਕਲ ਦੀ ਓਸਵਾਲਡੋ ਅਤੇ ਉਸ ਦੇ ਦੋਸਤਾਂ ਨਾਲ 24 ਸਤੰਬਰ 2019 ਨੂੰ ਮੁਲਾਕਾਤ ਹੋਈ। ਇਸ ਦਿਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝੜਪ ਹੋ ਗਈ। ਇਸ ਦੇ ਬਾਅਦ ਸੋਹਲ ਭਰਾਵਾਂ ਨੇ ਮਦਦ ਲਈ ਆਪਣੇ ਭਰਾ ਕਮਲ ਨੂੰ ਸੱਦਿਆ ਅਤੇ ਕਮਲ ਚਾਕੂ ਲੈ ਕੇ ਘਟਨਾ ਸਥਾਨ ’ਤੇ ਪਹੁੰਚ ਗਿਆ। ਇੱਥੇ ਉਸ ਨਾਲ ਜੋਰਜ ਵੀ ਪੁੱਜ ਗਿਆ ਸੀ। ਸੋਹਲ ਭਰਾਵਾਂ ਅਤੇ ਜੋਰਜ ਨੂੰ ਦੇਖ ਕੇ ਓਸਵਾਲਡੋ ਅਤੇ ਉਸ ਦੇ ਦੋਵੇਂ ਦੋਸਤ ਦੌੜਨ ਲੱਗੇ। ਪੁਲਸ ਨੇ ਦੱਸਿਆ ਕਿ ਓਸਵਾਲਡੋ ਇਕੱਲਾ ਦੌੜ ਰਿਹਾ ਸੀ ਅਤੇ ਉਸ ਦੇ ਦੋਵੇਂ ਦੋਸਤ ਵੱਖ ਰਸਤੇ ’ਤੇ ਸਨ। ਗਵਾਹਾਂ ਨੇ ਦੱਸਿਆ ਕਿ ਓਸਵਾਲਡੋ ਦਾ ਕੁੱਝ ਲੋਕ ਚਾਕੂ ਲੈ ਕੇ ਪਿੱਛਾ ਕਰ ਰਹੇ ਸਨ। ਉਨ੍ਹਾਂ ਨੇ ਓਸਵਾਲਡੋ ਨੂੰ ਫੜਿਆ ਅਤੇ ਉਸ ਨੂੰ ਚਾਕੂ ਮਾਰ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।