ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਵਾਰ ਤੇ ਪਲਟਾਰ ਵਾਰ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ 2016 ਵਿਚ ਦਿੱਤਾ ਬਿਆਨ ਯਾਦ ਕਰਵਾਇਆ ਹੈ। ਸਿੱਧੂ ਨੇ ਕਿਹਾ ਹੈ ਕਿ ਵੱਡੇ-ਵੱਡੇ ਵਾਅਦੇ ਤਾਂ ਕੀਤੇ ਪਰ ਨਿਕਲਿਆ ਕੁੱਝ ਵੀ ਨਹੀਂ। ਦਰਅਸਲ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ’ਤੇ 2016 ਅਤੇ 2021 ਦੀ ਆਡਿਟ ਕੀਤੀ ਹੋਈ ਵੀਡੀਓ ਸਾਂਝੀ ਕੀਤੀ ਹੈ। 2016 ਦੀ ਇਸ ਵੀਡੀਓ ਵਿਚ ਕੈਪਟਨ ਅਮਰਿੰਦਰ ਸਿੰਘ ਆਖ ਰਹੇ ਹਨ ਕਿ ਜੇਕਰ ਉਨ੍ਹਾਂ ਦੀ ਪੰਜਾਬ ਵਿਚ ਸਰਕਾਰ ਬਣਦੀ ਹੈ ਤਾਂ ਉਹ ਬਹਿਬਲ ਕਲਾਂ ਅਤੇ ਬੇਅਦਬੀ ਦੀ ਜਾਂਚ ਕਰਵਾਉਣਗੇ ਅਤੇ ਇਸ ਵਿਚ ਬਾਦਲ ਦੋਸ਼ੀ ਨਿਕਲਣਗੇ। ਮੁੱਖ ਮੰਤਰੀ ਆਖ ਰਹੇ ਹਨ ਕਿ ਬਾਦਲਾਂ ਨੇ ਬਰਗਾੜੀ ਵਿਚ ਗੋਲ਼ੀ ਚਲਵਾਈ ਸੀ ਜਿਸ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਵੀਡੀਓ ਵਿਚ ਕੈਪਟਨ ਕਹਿ ਰਹੇ ਹਨ ਕਿ ਬਰਗਾੜੀ ’ਚ ਪੁਲਸ ਨੂੰ ਗੋਲ਼ੀ ਚਲਾਉਣ ਦਾ ਹੁਕਮ ਐੱਸ. ਪੀ. ਨੇ ਦਿੱਤਾ ਸੀ ਪਰ ਐੱਸ. ਪੀ. ਨੂੰ ਹੁਕਮ ਮੁੱਖ ਮੰਤਰੀ ਨੇ ਦਿੱਤਾ ਸੀ।
ਇਸ ਤੋਂ ਇਲਾਵਾ ਇਸੇ ਵੀਡੀਓ ਵਿਚ 2021 ਦੀ ਇਕ ਹੋਰ ਵੀਡੀਓ ਜੋੜੀ ਗਈ ਹੈ, ਜਿਸ ਵਿਚ ਮੁੱਖ ਮੰਤਰੀ ਆਖ ਰਹੇ ਹਨ ਕਿ ਇਹ ਹੁਣ ਕਹਿਣ ਦੀਆਂ ਗੱਲਾਂ ਹਨ ਕਿ ਬਾਦਲਾਂ ਨੂੰ ਫੜ ਕੇ ਅੰਦਰ ਦੇ ਦਿਓ। ਉਹ ਏਦਾਂ ਕਿੱਦਾਂ ਕਿਸੇ ਨੂੰ ਫੜ ਕੇ ਅੰਦਰ ਕਰ ਸਕਦੇ ਹਨ। ਉਹ ਸਿਰਫ ਐੱਸ.ਆਈ. ਟੀ. ਬਣਾ ਸਕਦੇ ਹਨ ਕਿ ਪਰ ਐੱਸ. ਆਈ. ਟੀ. ਦੇ ਕੰਮ ਵਿਚ ਦਖ਼ਲ ਨਹੀਂ ਕਰ ਸਕਦੇ।
ਇਸ ਤੋਂ ਇਲਾਵਾ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਹਾਈਕੋਰਟ ਦੇ ਜੱਜ ਨੂੰ ਨਹੀਂ ਚੁਣਿਆ, ਫ਼ੈਸਲੇ ਨੂੰ ਗ਼ਲਤ ਆਖਣਾ ਹੀ ਕਾਫੀ ਨਹੀਂ, ਨਾਕਾਮੀ ਸਰਕਾਰੀ ਕਾਰਜਕਾਰੀ ਅਥਾਰਟੀ ਦੀ ਹੈ। ਉਨ੍ਹਾਂ ਕਿਹਾ ਕਿ ਮੇਰਾ ਸਟੈਂਡ ਕੱਲ੍ਹ, ਅੱਜ ਤੇ ਆਉਣ ਵਾਲੇ ਕੱਲ੍ਹ ਨੂੰ ਵੀ ਇਹੀ ਰਹੇਗਾ। ਪੰਜਾਬ ਦੀ ਰੂਹ ਲਈ ਇਨਸਾਫ਼ ! ਬਾਦਲਾਂ ਨੂੰ ਪੰਥ ‘ਚੋਂ ਛੇਕਣ ਲਈ ਉਹ ਅਕਾਲ ਤਖ਼ਤ ਦੇ ਜੱਥੇਦਾਰ ਸਾਹਿਬ ਨੂੰ ਸਾਲ 2018 ’ਚ ਚਿੱਠੀ ਲਿਖ ਚੁੱਕੇ ਹਨ।