ਦੇਸ਼ ’ਚ ਕੋਰੋਨਾ ਦੀ ਬੇਲਗਾਮ ਹੁੰਦੀ ਸਥਿਤੀ, ਪਹਿਲੀ ਵਾਰ 3 ਹਜ਼ਾਰ ਤੋਂ ਵੱਧ ਮੌਤਾਂ

ਨਵੀਂ ਦਿੱਲੀ — ਭਾਰਤ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਖ਼ਤਰਨਾਕ ਹੁੰਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਭਾਰਤ ’ਚ ਪਹਿਲੀ ਵਾਰ 3293 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਭਾਰਤ ਵਿਚ ਕੁੱਲ ਮੌਤਾਂ ਦਾ ਅੰਕੜਾ ਵੀ 2 ਲੱਖ ਦੇ ਪਾਰ ਹੋ ਗਿਆ ਹੈ। ਇਸ ਤਰ੍ਹਾਂ ਕੋਰੋਨਾ ਕੇਸਾਂ ’ਚ ਵੀ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਭਾਰਤ ’ਚ ਕੁੱਲ 3.62 ਲੱਖ ਕੋਰੋਨਾ ਕੇਸ ਦਰਜ ਕੀਤੇ ਗਏ। ਪਿਛਲੇ ਕਰੀਬ ਇਕ ਹਫ਼ਤੇ ਤੋਂ ਰੋਜ਼ਾਨਾ ਤਿੰਨ ਲੱਖ ਤੋਂ ਵਧੇਰੇ ਕੇਸ ਦਰਜ ਕੀਤਾ ਜਾ ਰਹੇ ਹਨ। ਇਕ ਪਾਸੇ ਕੋਰੋਨਾ ਦੀ ਇਹ ਵੱਧਦੀ ਰਫ਼ਤਾਰ ਹੈ, ਤਾਂ ਦੂਜੇ ਪਾਸੇ ਹਸਪਤਾਲਾਂ ਦਾ ਹਾਲ ਵੀ ਡਰਾਉਣ ਵਾਲਾ ਹੈ। ਹਸਪਤਾਲਾਂ ’ਚ ਬੈੱਡਾਂ ਅਤੇ ਆਕਸੀਜਨ ਦੀ ਭਾਰੀ ਕਿੱਲਤ ਹੈ। ਮਹਾਰਾਸ਼ਟਰ, ਦਿੱਲੀ, ਉੱਤਰ ਪ੍ਰਦੇਸ਼, ਕੇਰਲ, ਪੰਜਾਬ, ਕਰਨਾਟਕ ਆਦਿ ਕਈ ਸੂਬੇ ਹਨ, ਜਿੱਥੇ ਕੋਰੋਨਾ ਕੇਸਾਂ ਦੀ ਗਿਣਤੀ ਵਧੇਰੇ ਹੈ।
24 ਘੰਟਿਆਂ ਵਿਚ ਕੁੱਲ ਕੇਸ- 3,62,960
24 ਘੰਟਿਆਂ ’ਚ ਕੁੱਲ ਮੌਤਾਂ- 3293
ਸਰਗਰਮ ਕੇਸਾਂ ਦੀ ਗਿਣਤੀ- 29,78,709
ਕੁੱਲ ਕੇਸ- 1,79,97,267
ਕੁੱਲ ਮੌਤਾਂ- 2,01,187
ਕੁੱਲ ਟੀਕਾਕਰਨ- 14,78,27,367
ਦੱਸਣਯੋਗ ਹੈ ਕਿ ਭਾਰਤ ਵਿਚ ਪਿਛਲੇ ਇਕ ਸਾਲ ਤੋਂ ਕੋਰੋਨਾ ਕਹਿਰ ਵਰ੍ਹਾ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਬੇਲਗਾਮ ਹੁੰਦਾ ਜਾ ਰਿਹਾ ਹੈ। ਹੁਣ ਕੋਰੋਨਾ ਕਾਰਨ ਮੌਤਾਂ ਦਾ ਅੰਕੜਾ ਵੀ ਵਧੇਰੇ ਹੋ ਗਿਆ ਹੈ। ਅਧਿਕਾਰਤ ਰੂਪ ਨਾਲ ਮੌਤਾਂ ਦਾ ਅੰਕੜਾ 2 ਲੱਖ ਨੂੰ ਪਾਰ ਕਰ ਗਿਆ ਹੈ।