ਕੋਰੋਨਾ ਨੇ ਹੁਸ਼ਿਆਰਪੁਰ ਜ਼ਿਲ੍ਹੇ ’ਚ ਲਈ 7 ਹੋਰ ਲੋਕਾਂ ਦੀ ਜਾਨ, 161 ਨਵੇਂ ਕੇਸ

ਹੁਸ਼ਿਆਰਪੁਰ – ਕੋਰੋਨਾ ਦਾ ਕਹਿਰ ਜ਼ਿਲ੍ਹੇ ’ਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ 24 ਘੰਟਿਆਂ ਦੌਰਾਨ 7 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਪਿੰਡ ਗੌਂਦਪੁਰ ਨਿਵਾਸੀ 66 ਸਾਲਾ ਔਰਤ ਦੀ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ, ਇਸੇ ਪਿੰਡ ਦੇ 47 ਸਾਲਾ ਵਿਅਕਤੀ ਦੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ, ਪਿੰਡ ਚੱਬੇਵਾਲ ਨਿਵਾਸੀ 43 ਸਾਲਾ ਵਿਅਕਤੀ ਦੀ ਪੀ. ਜੀ. ਆਈ. ਚੰਡੀਗੜ੍ਹ ਵਿਚ, ਪਿੰਡ ਰਾਜਪੁਰ ਭਾਈਆਂ ਨਿਵਾਸੀ 69 ਸਾਲਾ ਵਿਅਕਤੀ ਦੀ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ, ਪਿੰਡ ਹਾਜੀਪੁਰ ਨਿਵਾਸੀ 50 ਸਾਲਾ ਵਿਅਕਤੀ ਦੀ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ, ਪਿੰਡ ਮੰਡ ਮੰਡੇਰ ਨਿਵਾਸੀ 50 ਸਾਲਾ ਵਿਅਕਤੀ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਅਤੇ ਕਮੇਟੀ ਬਾਜ਼ਾਰ ਹੁਸ਼ਿਆਰਪੁਰ ਨਿਵਾਸੀ 64 ਸਾਲਾ ਵਿਅਕਤੀ ਦੀ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਿਲੇ ਵਿਚ ਮ੍ਰਿਤਕਾਂ ਦੀ ਕੁੱਲ ਸੰਖਿਆ 711 ਹੋ ਗਈ ਹੈ।
ਸਿਵਲ ਸਰਜਨ ਡਾ. ਰਣਜੀਤ ਸਿੰਘ ਅਨੁਸਾਰ ਅੱਜ ਸ਼ਾਮ ਪ੍ਰਾਪਤ ਹੋਈ 1971 ਸੈਂਪਲਾਂ ਦੀ ਰਿਪੋਰਟ ਵਿਚ 153 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ 23 ਹੁਸ਼ਿਆਰਪੁਰ ਦੇ ਸ਼ਹਿਰੀ ਇਲਾਕੇ ਅਤੇ 130 ਹੋਰ ਸਿਹਤ ਕੇਂਦਰਾਂ ਨਾਲ ਸਬੰਧਤ ਹਨ। ਜਦਕਿ ਜ਼ਿਲੇ ਨਾਲ ਸਬੰਧਤ 8 ਮਰੀਜ਼ ਬਾਹਰਲੇ ਜ਼ਿਲਿਆਂ ਤੋਂ ਰਿਪੋਰਟ ਹੋਏ ਹਨ, ਜਿਸ ਨਾਲ ਨਵੇਂ ਮਰੀਜ਼ਾਂ ਦੀ ਕੁੱਲ ਗਿਣਤੀ 161 ਅਤੇ ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 19,629 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ 1700 ਵਿਅਕਤੀਆਂ ਦੇ ਨਵੇਂ ਸੈਂਪਲ ਲਏ ਗਏ। ਜ਼ਿਲੇ ਵਿਚ ਹੁਣ ਤੱਕ ਲਏ ਗਏ 4,41,423 ਸੈਂਪਲਾਂ ਵਿਚੋਂ 4,2,2585 ਦੀ ਰਿਪੋਰਟ ਨੈਗੇਟਿਵ ਆਈ ਹੈ। ਜਦਕਿ 2301 ਸੈਂਪਲਾਂ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਸਿਵਲ ਸਰਜਨ ਨੇ ਜ਼ਿਲਾ ਵਾਸੀਆਂ ਨੂੰ ਕੋਵਿਡ-19 ਸਬੰਧੀ ਸਿਹਤ ਮਹਿਕਮੇ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਨਾਉਣ ਦੀ ਅਪੀਲ ਕੀਤੀ।