ਭਾਰਤ ‘ਚ ਕੋਰੋਨਾ ਕਾਰਣ ਹਾਲਾਤ ‘ਦਿਲ ਦਹਿਲਾ ਦੇਣ ਵਾਲੇ’ : WHO

ਜਿਨੇਵਾ – ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਮੁਖੀ ਟੇਡ੍ਰੋਸ ਐਡਨੋਮ ਘੋਬਿਅਸ ਨੇ ਸੋਮਵਾਰ ਭਾਰਤ ਵਿਚ ਕੋਵਿਡ-19 ਸੰਕਟ ‘ਤੇ ਚਿੰਤਾ ਜ਼ਾਹਿਰ ਕੀਤੀ ਅਤੇ ਹਾਲਾਤ ਨੂੰ ‘ਦਿਲ ਦਹਿਲਾ ਦੇਣ’ ਵਾਲਾ ਦੱਸਿਆ। ਡਬਲਯੂ. ਐੱਚ. ਓ. ਮੁਖੀ ਨੇ ਆਖਿਆ ਕਿ ਵਿਸ਼ਵ ਸਿਹਤ ਸੰਗਠਨ ਮਹਾਮਾਰੀ ਨਾਲ ਲੜਣ ਵਿਚ ਮਦਦ ਕਰਨ ਲਈ ਹੋਰ ਸਟਾਫ ਅਤੇ ਸਪਲਾਈ ਭੇਜ ਰਿਹਾ ਹੈ। ਕਈ ਖੇਤਰਾਂ ਵਿਚ ਕੋਰੋਨਾ ਦੇ ਮਾਮਲਿਆਂ ਅਤੇ ਮੌਤਾਂ ਦੀ ਗਿਰਾਵਟ ਦੇਖੀ ਜਾ ਰਹੀ ਹੈ ਪਰ ਕਈ ਮੁਲਕ ਅਜੇ ਵੀ ਕੋਵਿਡ-19 ਦੇ ਵੱਡੇ ਸੰਕਟ ਨਾਲ ਨਜਿੱਠ ਰਹੇ ਹਨ। ਡਬਲਯੂ. ਐੱਚ. ਓ. ਮੁਖੀ ਨੇ ਕਿਹਾ ਕਿ ਭਾਰਤ ਦੇ ਜਿਹੜੇ ਹਾਲਾਤ ਹਨ, ਉਹ ਦਿਲ ਦਹਿਲਾ ਦੇਣ ਵਾਲੇ ਹਨ।
ਉਨ੍ਹਾਂ ਅੱਗੇ ਆਖਿਆ ਕਿ ਅਸੀਂ ਜੋ ਕੁਝ ਵੀ ਕਰ ਸਕਦੇ ਹਾਂ, ਕਰ ਰਹੇ ਹਾਂ। ਅਸੀਂ ਅਹਿਮ ਉਪਕਰਣ ਅਤੇ ਸਪਲਾਈ ਪ੍ਰਦਾਨ ਕਰ ਰਹੇ ਹਾਂ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਆਖਿਆ ਕਿ ਹਜ਼ਾਰਾਂ ਆਕਸੀਜਨ ਕੰਸੰਟ੍ਰੇਟਰ, ਮੋਬਾਈਲ ਵੈਨ ਅਤੇ ਲੈਬਾਰਟਰੀ ਦੀ ਗਿਣਤੀ ਵਧਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਡਬਲਯੂ. ਐੱਚ. ਓ. ਨੇ ਪੋਲੀਓ ਸਣੇ ਕਈ ਵੱਖ-ਵੱਖ ਪ੍ਰੋਗਰਾਮਾਂ ਦੇ 2600 ਤੋਂ ਵਧ ਮਾਹਿਰਾਂ ਨੂੰ ਭਾਰਤ ਦੇ ਸਿਹਤ ਅਧਿਕਾਰੀਆਂ ਨਾਲ ਕੰਮ ਕਰਨ ਲਈ ਕਿਹਾ ਹੈ। ਦੱਸ ਦਈਏ ਕਿ ਇਹ ਟਿੱਪਣੀ ਅਜਿਹੇ ਵੇਲੇ ਵਿਚ ਆਈ ਹੈ ਜਦ ਭਾਰਤ ਕੋਰੋਨਾ ਦੀ ਨਵੀਂ ਲਹਿਰ ਨਾਲ ਲੜ ਰਿਹਾ ਹੈ ਅਤੇ ਮਹਾਮਾਰੀ ਦਾ ਹਾਟਸਪਾਟ ਬਣ ਗਿਆ ਹੈ।
ਭਾਰਤ ਵਿਚ ਸੋਮਵਾਰ ਕੋਰੋਨਾ ਦੇ 3.52 ਲੱਖ ਤੋਂ ਵਧ ਮਾਮਲੇ ਸਾਹਮਣੇ ਆਏ ਅਤੇ 2812 ਲੋਕਾਂ ਦੀ ਮੌਤ ਦਰਜ ਕੀਤੀ ਗਈ। ਉਥੇ ਹੀ ਭਾਰਤ ਵਿਚ ਹੁਣ ਤੱਕ 28 ਲੱਖ ਤੋਂ ਵਧ ਮਾਮਲੇ ਐਕਟਿਵ ਹਨ ਜਦਕਿ 1.43 ਕਰੋੜ ਲੋਕ ਸਿਹਤਯਾਬ ਹੋ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 1.95 ਲੱਖ ਤੋਂ ਵਧ ਹੈ। ਉਥੇ ਦੂਜੇ ਪਾਸੇ ਹਸਪਤਾਲਾਂ ਵਿਚ ਬੈੱਡ, ਆਕਸੀਜਨ ਅਤੇ ਦਵਾਈਆਂ ਦੀ ਭਾਰੀ ਕਮੀ ਦੇਖੀ ਜਾ ਰਹੀ ਹੈ। ਇਸ ਨੂੰ ਦੇਖਦੇ ਹੋਏ ਮਹਾਮਾਰੀ ਨਾਲ ਲੜਣ ਲਈ ਕਈ ਮੁਲਕਾਂ ਵੱਲੋਂ ਭਾਰਤ ਦੀ ਮਦਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਮਰੀਕਾ ਵੱਲੋਂ ਭਾਰਤ ਨੂੰ 318 ਆਕਸੀਜਨ ਕੰਸੰਟ੍ਰੇਟਰ ਦਾ ਇਕ ਜਹਾਜ਼ ਭੇਜਿਆ ਗਿਆ, ਜਿਹੜਾ ਕਿ ਅੱਜ ਸ਼ਾਮ ਦਿੱਲੀ ਏਅਰਪੋਰਟ ਪਹੁੰਚਿਆ।