ਕੋਵਿਡ-19 ਖ਼ਿਲਾਫ਼ ਲੜਾਈ ’ਚ ਭਗਵਾਨ ਹਨੂੰਮਾਨ ਦਾ ਆਸ਼ੀਰਵਾਦ ਮਿਲਦਾ ਰਹੇ: PM ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਗਵਾਨ ਹਨੂੰਮਾਨ ਦਾ ਆਸ਼ੀਰਵਾਦ ਮੰਗਦੇ ਹੋਏ ਉਮੀਦ ਜਤਾਈ ਕਿ ਇਸ ਨਾਲ ਦੇਸ਼ ਨੂੰ ਕੋਵਿਡ-19 ਗਲੋਬਲ ਮਹਾਮਾਰੀ ਖ਼ਿਲਾਫ਼ ਚੱਲ ਰਹੀ ਲੜਾਈ ’ਚ ਮਦਦ ਮਿਲੇਗੀ।
ਹਨੂੰਮਾਨ ਜਯੰਤੀ ’ਤੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਮੋਦੀ ਨੇ ਟਵੀਟ ਕੀਤਾ ਕਿ ਹਨੂੰਮਾਨ ਜਯੰਤੀ ਦੇ ਪਾਵਨ ਮੌਕੇ ਭਗਵਾਨ ਹਨੂੰਮਾਨ ਦੀ ਦਇਆ ਅਤੇ ਸਮਰਪਣ ਭਾਵ ਨੂੰ ਯਾਦ ਕਰਨ ਦਾ ਦਿਨ ਹੈ। ਮੇਰੀ ਕਾਮਨਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ਼ ਜਾਰੀ ਲੜਾਈ ਵਿਚ ਲਗਾਤਾਰ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਰਹੇ। ਨਾਲ ਹੀ ਉਨ੍ਹਾਂ ਦੇ ਜੀਵਨ ਅਤੇ ਆਦਰਸ਼ਾਂ ਤੋਂ ਹਮੇਸ਼ਾ ਪ੍ਰੇਰਣਾ ਮਿਲਦੀ ਰਹੇ।
ਦੱਸਣਯੋਗ ਹੈ ਕਿ ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਪਣਾ ਕਹਿਰ ਵਰ੍ਹਾ ਰਹੀ ਹੈ। ਰੋਜ਼ਾਨਾ ਕੋਰੋਨਾ ਦੇ 3 ਲੱਖ ਤੋਂ ਵਧੇਰੇ ਕੇਸ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 3,23,144 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 1,67,36,307 ਹੋ ਗਈ ਹੈ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ 2,771 ਲੋਕਾਂ ਦੇ ਦਮ ਤੋੜਨ ਨਾਲ ਮਿ੍ਰਤਕਾਂ ਦੀ ਗਿਣਤੀ ਵੱਧ ਕੇ 1,97,894 ਹੋ ਗਈ ਹੈ।