ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੋਮਵਾਰ ਸੀਰਮ ਇੰਸਟੀਚਿਊਟ ਤੇ ਭਾਰਤ ਬਾਇਓਟੈੱਕ ਨੂੰ ਕਿਹਾ ਕਿ ਉਹ ਆਪਣੇ ਕੋਵਿਡ-19 ਟੀਕਿਆਂ ਦੀ ਕੀਮਤ ਨੂੰ ਘੱਟ ਕਰਨ। ਸਰਕਾਰ ਨੇ ਦੋਹਾਂ ਕੰਪਨੀਆਂ ਨੂੰ ਟੀਕਿਆਂ ਦੀ ਕੀਮਤ ਘੱਟ ਕਰਨ ਲਈ ਅਜਿਹੇ ਸਮੇਂ ’ਚ ਕਿਹਾ ਹੈ ਜਦੋਂ ਵੱਖ-ਵੱਖ ਸੂਬਿਆਂ ਨੇ ਆਲੋਚਨਾ ਕਰਦਿਆਂ ਅਜਿਹੇ ਵੱਡੇ ਸੰਕਟ ਦੌਰਾਨ ਮੁਨਾਫਾਖੋਰੀ ’ਤੇ ਇਤਰਾਜ਼ ਪ੍ਰਗਟਾਇਆ ਹੈ।
ਕੈਬਨਿਟ ਸਕੱਤਰ ਰਾਜੀਵ ਗਾਬਾ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਕੋਰੋਨਾ ਟੀਕੇ ਦਾ ਮੁੱਲ ਨਿਰਧਾਰਤ ਕਰਨ ਦੇ ਮੁੱਦੇ ’ਤੇ ਚਰਚਾ ਹੋਈ। ਹੁਣ ਉਮੀਦ ਹੈ ਕਿ ਦੋਵੇਂ ਕੰਪਨੀਆਂ ਆਪਣੇ ਟੀਕਿਆਂ ਲਈ ਸੋਧੀ ਕੀਮਤ ਨੂੰ ਨਿਰਧਾਰਤ ਕਰਨਗੀਆਂ। ਹੈਦਰਾਬਾਦ ਸਥਿਤ ਭਾਰਤ ਬਾਇਓਟੈੱਕ ਨੇ ਆਪਣੇ ਕੋਵਿਡ-19 ਟੀਕੇ ਦੀ ਵੈਕਸੀਨ ਸੂਬਾਈ ਸਰਕਾਰਾਂ ਲਈ 600 ਰੁਪਏ ਪ੍ਰਤੀ ਖੁਰਾਕ ਅਤੇ ਪ੍ਰਾਈਵੇਟ ਹਸਪਤਾਲਾਂ ਲਈ 1200 ਰੁਪਏ ਪ੍ਰਤੀ ਖੁਰਾਕ ਨਿਰਧਾਰਤ ਕੀਤੀ ਹੈ।
ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਆਪਣੇ ਕੋਵਿਡ-19 ਟੀਕੇ ‘ਕੋਵਿਸ਼ੀਲਡ’ ਦੀ ਕੀਮਤ ਸੂਬਾਈ ਸਰਕਾਰਾਂ ਲਈ 400 ਰੁਪਏ ਅਤੇ ਪ੍ਰਾਈਵੇਟ ਹਸਪਤਾਲਾਂ ਲਈ 600 ਰੁਪਏ ਪ੍ਰਤੀ ਖੁਰਾਕ ਰੱਖੀ ਹੈ। ਦੋਵੇਂ ਟੀਕੇ 150 ਰੁਪਏ ਪ੍ਰਤੀ ਖੁਰਾਕ ਦੀ ਦਰ ਨਾਲ ਕੇਂਦਰ ਸਰਕਾਰ ਨੂੰ ਮਿਲਦੇ ਹਨ।