ਸੁਪਰੀਮ ਕੋਰਟ ਦੇ ਜੱਜ ਐੱਮ. ਸ਼ਾਂਤਨਗੌਦਰ ਦਾ ਦੇਹਾਂਤ

ਨਵੀਂ ਦਿੱਲੀ– ਸੁਪਰੀਮ ਕੋਰਟ ਦੇ ਜੱਜ ਜਸਟਿਸ ਮੋਹਨ ਐੱਮ. ਸ਼ਾਂਤਨਗੌਦਰ ਦਾ ਸ਼ਨੀਵਾਰ ਦੇਰ ਰਾਤ ਨੂੰ ਦੇਹਾਂਤ ਹੋ ਗਿਆ। ਉਹ 62 ਸਾਲ ਦੇ ਸਨ। ਅਦਾਲਤ ਦੇ ਰਜਿਸਟਰਾਰ ਦਫਤਰ ਦੇ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਜੱਜ ਸ਼ਾਂਤਨਗੌਦਰ ਨੇ ਗੁਰੂਗ੍ਰਾਮ ਦੇ ਇਕ ਨਿੱਜੀ ਹਸਪਤਾਲ ’ਚ ਦੇਰ ਰਾਤ ਆਖਰੀ ਸਾਹ ਲਿਆ। ਉਹ ਕਾਫੀ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ। ਉਨ੍ਹਾਂ ਦੇ ਦੇਹਾਂਤ ਦੀ ਖਬਰ ਕੱਲ ਦੁਪਹਿਰ ਤੋਂ ਬਾਅਦ ਆਈ ਸੀ ਪਰ ਸ਼ਾਮ ਤਕ ਅਦਾਲਤ ਦੇ ਸੂਤਰਾਂ ਵਲੋਂ ਇਸ ਖਬਰ ਨੂੰ ਅਫਵਾਹ ਕਰਾਰ ਦਿੱਤਾ ਗਿਆ ਸੀ ਪਰ ਦੇਰ ਰਾਤ ਜੱਜ ਸ਼ਾਂਤਨਗੌਦਰ ਦੇ ਦੇਹਾਂਤ ਦੀ ਇਕ ਵਾਰ ਫਿਰ ਖਬਰ ਆਈ ਜਿਸ ਦੀ ਪੁਸ਼ਟੀ ਰਜਿਸਟਰਾਰ ਦਫਤਰ ਦੇ ਸੂਤਰਾਂ ਦੁਆਰਾ ਕੀਤੀ ਗਈ ਹੈ।
ਜੱਜ ਸ਼ਾਂਤਨਗੌਦਰ ਨੂੰ ਫੈਫੜਿਆਂ ’ਚ ਇਨਫੈਕਸ਼ਨ ਦੇ ਚਲਦੇ ਗੁਰੂਗ੍ਰਾਮ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਅਤੇ ਉਹ ਆਈ.ਸੀ.ਯੂ. ’ਚ ਸਨ। ਸ਼ਨੀਵਾਰ ਦੇਰ ਰਾਤ ਤਕ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਸੀ।
ਦੱਸ ਦੇਈਏ ਕਿ ਜੱਜ ਸ਼ਾਂਤਨਗੌਦਰ ਨੂੰ 17 ਫਰਵਰੀ 2017 ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆਸੀ। ਉਨ੍ਹਾਂ ਦਾ ਇਹ ਕਾਰਜਕਾਲ 5 ਮਈ 2023 ਤਕ ਸੀ। ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦੇ ਰਹਿਣਵਾਲੇ ਜੱਜ ਸ਼ਾਂਤਨਗੌਦਰ ਸੁਪਰੀਮ ਕਰੋਟ ਲਈ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ ਕੇਰਲ ਹਾਈ ਕੋਰਟ ਦੇ ਮੁੱਖ ਜੱਜ ਸਨ। ਉਨ੍ਹਾਂ 5 ਸਤੰਬਰ 1980 ਨੂੰ ਵਕਾਲਤ ਪੇਸ਼ਾ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਨੂੰ 12 ਮਈ 2003 ਨੂੰ ਕਰਨਾਟਕ ਹਾਈ ਕੋਰਟ ਦਾ ਐਡੀਸ਼ਨਲ ਜੱਜ ਨਿਯੁਕਤ ਕੀਤਾ ਗਿਆ ਸੀ।