ਆਲੂਖ਼ਾਰੇ ਨੂੰ ਤਾਂ ਤੁਸੀਂ ਫ਼ਲ ਦੇ ਰੂਪ ‘ਚ ਬਹੁਤ ਖਾਦਾ ਹੋਵੇਗਾ, ਪਰ ਕਦੇ ਉਸ ਦੀ ਚਟਨੀ ਬਣਾਈ ਹੈ? ਜੇ ਨਹੀਂ ਤਾਂ ਅਸੀਂ ਤੁਹਾਨੂੰ ਆਲੂਬੁਖ਼ਾਰੇ ਦੀ ਚਟਨੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਸ ਚਟਨੀ ਦਾ ਸੁਆਦ ਵੀ ਬਹੁਤ ਵਧੀਆ ਹੋਵੇਗਾ ਅਤੇ ਇਹ ਹਰ ਕਿਸੇ ਡਿਸ਼ ਦੇ ਨਾਲ ਖਾਧੀ ਜਾ ਸਕਦੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
– 200 ਗ੍ਰਾਮ ਆਲੂ-ਬੁਾਖ਼ਾਰਾ
– ਚਾਰ ਵੱਡੇ ਚੱਮਚ ਕਿਸ਼ਮਿਸ਼
– ਚਾਰ ਵੱਡੇ ਚੱਮਚ ਬਾਰੀਕ ਕੱਟੇ ਹੋਏ ਬਾਦਾਮ
– 400 ਗ੍ਰਾਮ ਚੀਨੀ
– ਅੱਧਾ ਛੋਟਾ ਚੱਮਚ ਇਲਾਇਚੀ ਪਾਊਡਰ
– ਅੱਧਾ ਛੋਟਾ ਚੱਮਚ ਲਾਲ ਮਿਰਚ ਪਾਊਡਰ
– 200 ਗ੍ਰਾਮ ਅਦਰਕ
– ਅੱਧਾ ਕੱਪ ਪੁਦੀਨੇ ਦੇ ਪੱਤੇ
– ਅੱਧਾ ਕੱਪ ਨਿੰਬੂ ਦਾ ਰਸ
– ਅੱਧਾ ਛੋਟਾ ਚੱਮਚ ਸਫ਼ੇਦ ਤਿਲ (ਸਜਾਵਟ ਲਈ)
ਬਣਾਉਣ ਦੀ ਵਿਧੀ
ਆਲੂ-ਬੁਖ਼ਾਰੇ ਦੀ ਚਟਨੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਲੂ-ਬੁਖ਼ਾਰਿਆਂ ਨੂੰ ਧੋ ਕੇ ਸਾਫ਼ ਕਰ ਲਓ ਅਤੇ ਦੋ ਕੱਪ ਪਾਣੀ ‘ਚ ਛੇ ਘੰਟੇ ਤਕ ਭਿਓਂ ਕੇ ਰੱਖ ਦਿਓ। ਤੈਅ ਸਮੇਂ ਤੋਂ ਬਾਅਦ ਆਲੂ-ਬੁਖ਼ਾਰੇ ਨੂੰ ਮਿਕਸੀ ‘ਚ ਪੀਸ ਲਓ ਅਤੇ ਅਦਰਕ ਅਤੇ ਪੁਦੀਨੇ ਦੀ ਵੀ ਵੱਖ-ਵੱਖ ਪੇਸਟ ਤਿਆਰ ਕਰ ਲਓ। ਘੱਟ ਗੈਸ ‘ਤੇ ਇੱਕ ਕੜ੍ਹਾਈ ‘ਚ ਆਲੂ-ਬੁਖ਼ਾਰੇ ਦੀ ਪੇਸਟ ਅਤੇ ਚੀਨੀ ਪਾ ਕੇ ਪਕਾਓ। ਪੇਸਟ ‘ਚ ਇਲਾਇਚੀ ਪਾਊਡਰ, ਲਾਲ ਮਿਰਚ ਪਾਊਡਰ, ਪੁਦੀਨਾ ਪੇਸਟ, ਬਾਦਾਮ ਕਿਸ਼ਮਿਸ਼ ਅਤੇ ਨਿੰਬੂ ਦਾ ਰਸ ਪਾ ਕੇ ਪੰਜ ਮਿੰਟ ਤਕ ਪਕਾਓ। ਆਲੂ-ਬੁਖ਼ਾਰੇ ਦੀ ਚਟਨੀ ਤਿਆਰ ਹੈ ਸਫ਼ੇਦ ਤਿਲ ਅਤੇ ਪੁਦੀਨੇ ਦੇ ਪੱਤੇ ਪਾ ਕੇ ਸਜਾਵਟ ਕਰ ਲਓ। ਤੁਸੀਂ ਇਸ ਚਟਨੀ ਨੂੰ ਬੋਤਲ ‘ਚ ਸਟੋਰ ਕਰ ਕੇ ਵੀ ਰੱਖ ਸਕਦੇ ਹੋ ਅਤੇ ਜਦੋਂ ਦਿਲ ਕਰੇ ਆਲੂ ਟਿੱਕੀ ਅਤੇ ਪਕੌੜਿਆਂ ਦੇ ਨਾਲ ਇਸ ਦਾ ਮਜ਼ਾ ਲੈ ਸਕਦੇ ਹੋ।