ਸਕੂਲ ਫ਼ੀਸ ਮਾਮਲੇ ’ਤੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ, ਸਕੂਲਾਂ ਨੂੰ ਦਿੱਤੀ ਚਿਤਾਵਨੀ

ਖੰਨਾ : ਲਾਕਡਾਊਨ ਕਾਰਣ ਬੀਤੇ ਸਾਲ ਤੋਂ ਹੁਣ ਤੱਕ ਸਕੂਲਾਂ ਅਤੇ ਮਾਪਿਆਂ ਵਿਚਕਾਰ ਫੀਸਾਂ ਨੂੰ ਲੈ ਕੇ ਕਾਫੀ ਕਸ਼ਮਕਸ਼ ਚੱਲ ਰਹੀ ਹੈ। ਖੰਨਾ ਵਿਖੇ ਇਕ ਉਦਘਾਟਨੀ ਸਮਾਰੋਹ ਦੌਰਾਨ ਪੁੱਜੇ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲਾਂ ਨਾਲ ਸਬੰਧਿਤ ਫੀਸ ਰੈਗੂਲੇਸ਼ਨ ਐਕਟ ਵੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਕੂਲ ਸਾਲਾਨਾ ਚਾਰਜਿਜ਼ ਨਹੀਂ ਲੈ ਸਕਦੇ ਅਤੇ ਨਾ ਹੀ ਸਕੂਲ ਬੱਚਿਆਂ ਨੂੰ ਨਿਰਧਾਰਿਤ ਦੁਕਾਨਾਂ ਤੋਂ ਵਰਦੀਆਂ ਅਤੇ ਕਿਤਾਬਾਂ ਲੈਣ ਲਈ ਮਜਬੂਰ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮਿਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਜਾਂਚ ਕਰਨ ਉਪਰੰਤ 56 ਸਕੂਲਾਂ ਦੀ ਐਫੀਲੇਸ਼ਨ ਰੱਦ ਕੀਤੀ ਗਈ ਸੀ, ਇਸ ਪ੍ਰਕਾਰ ਦੀ ਕੋਈ ਵੀ ਸ਼ਿਕਾਇਤ ਮਿਲਣ ’ਤੇ ਜਾਂਚ ਉਪਰੰਤ ਜੇਕਰ ਕੋਈ ਸਕੂਲ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਸਕੂਲ ਜ਼ਬਰਦਸਤੀ ਕਿਤਾਬਾਂ ਵੇਚਦੇ ਪਾਏ ਗਏ ਉਨ੍ਹਾਂ ਦੇ ਐੱਨ. ਓ. ਸੀ. ਰੱਦ ਕੀਤੇ ਜਾਣਗੇ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਜਲਦ ਹੀ 10 ਹਜ਼ਾਰ ਈ. ਟੀ. ਟੀ. ਅਧਿਆਪਕਾਂ ਦੀਆਂ ਅਸਾਮੀਆਂ ਕੱਢੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਜਲਦ ਹੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ । ਨਵਜੋਤ ਸਿੰਘ ਸਿੱਧੂ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਬਰਗਾੜੀ ਮੁੱਦੇ ’ਤੇ ਆਪਣੀ ਹੀ ਸਰਕਾਰ ਨੂੰ ਵਾਰ-ਵਾਰ ਘੇਰਨ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਮੰਤਰੀ ਨੇ ਕਿਹਾ ਕਿ ਜੇਕਰ ਸਿੱਧੂ ਨੂੰ ਇਸ ’ਤੇ ਕੋਈ ਵਿਚਾਰ ਪ੍ਰਗਟ ਕਰਨੇ ਸਨ ਤਾਂ ਇਸਨੂੰ ਪਾਰਟੀ ਪਲੇਟਫਾਰਮ ’ਤੇ ਚਰਚਾ ਕਰਨੀ ਚਾਹੀਦੀ ਹੈ। ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਤੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਸੂਬੇ ’ਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਮੰਤਰੀ ਸਿੰਗਲਾ ਵਲੋਂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ।