ਕੁੰਵਰ ਵਿਜੇ ਪ੍ਰਤਾਪ ਦੇ ਦੋਸ਼ਾਂ ਤੋਂ ਬਾਅਦ ਗੁੱਸੇ ਨਾਲ ਲਾਲ ਹੋਏ ਸੁਖਬੀਰ ਬਾਦਲ, ਕੀਤਾ ਵੱਡਾ ਐਲਾਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਕੋਟਕਪੂਰਾ ਫਾਇਰਿੰਗ ਮਾਮਲੇ ’ਚ ਗਵਾਹ ਅਜੀਤ ਸਿੰਘ ਨੂੰ ਕਦੇ ਨਹੀਂ ਮਿਲੇ ਅਤੇ ਉਹ ਕੰਵਰ ਵਿਜੇ ਪ੍ਰਤਾਪ ਸਿੰਘ ਖ਼ਿਲਾਫ਼ ਝੂਠਾ ਦਾਅਵਾ ਕਰਨ ਲਈ ਕਿ ਉਨ੍ਹਾਂ ਨੇ ਗਵਾਹ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਨੌਕਰੀ ਦੇਣ ਦੇ ਵਾਅਦੇ ਦੇ ਨਾਲ ਲੁਭਾਉਣ ਦੀ ਕੋਸ਼ਿਸ਼ ਕੀਤੀ, ਲਈ ਮਾਣਹਾਨੀ ਦਾ ਕੇਸ ਕਰਨਗੇ। ਸੁਖਬੀਰ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦਾ ਖੁਮਾਰ ਚੜ੍ਹਿਆ ਹੋਇਆ ਸੀ ਤੇ ਇਸੇ ਮਕਸਦ ਲਈ ਉਸ ਨੇ ਇਹ ਦੂਸ਼ਣਬਾਜ਼ੀ ਦਾ ਪੱਤਰ ਭੇਜ ਕੇ ਇਹ ਗਲਤ ਦੋਸ਼ ਲਗਾਏ।
ਉਨ੍ਹਾਂ ਕਿਹਾ ਕਿ ਆਈ.ਜੀ. ਨੂੰ ਪਹਿਲਾਂ ਹੀ ਹਾਈ ਕੋਰਟ ਵਿਚ ਚੱਲ ਰਹੇ ਕੋਟਕਪੂਰਾ ਫਾਇਰਿੰਗ ਕੇਸ ਦੀ ਕਾਰਵਾਈ ਬਾਰੇ ਪਤਾ ਸੀ ਕਿ ਉਸ ਦੀ ਜਾਂਚ ਰੱਦ ਕਰ ਦਿੱਤੀ ਜਾਵੇਗੀ। ਆਈ. ਜੀ. ਨੇ ਕਾਂਗਰਸ ਸਰਕਾਰ ਦੇ ਇਸ਼ਾਰੇ ’ਤੇ ਇਸ ਮਾਮਲੇ ਵਿਚ ਅਕਾਲੀ ਦਲ ਅਤੇ ਇਸਦੀ ਸੀਨੀਅਰ ਲੀਡਰਸ਼ਿਪ ਨੂੰ ਫਸਾਉਣ ਦਾ ਯਤਨ ਕੀਤਾ ਪਰ ਉਹ ਅਸਫ਼ਲ ਰਹੇ। ਹੁਣ ਉਹ ਸੀਨੀਅਰ ਲੀਡਰਸ਼ਿਪ ਨੂੰ ਬਦਨਾਮ ਕਰਨ ਲਈ ਚਿੱਠੀ ਦਾ ਤਰੀਕਾ ਵਰਤ ਰਿਹਾ ਹੈ। ਸਪੱਸ਼ਟ ਹੈ ਕਿ ਇਹ ਆਈ. ਜੀ. ਵਲੋਂ ਆਪਣੇ ਅਹੁਦੇ ਦੀ ਘੋਰ ਦੁਰਵਰਤੋਂ ਦਾ ਮਾਮਲਾ ਹੈ ਤਾਂ ਕਿ ਦੋਸ਼ੀਆਂ ਨੂੰ ਫੜ੍ਹਨ ਦੀ ਬਜਾਏ ਆਪਣੇ ਰਾਜਨੀਤਕ ਆਕਾਵਾਂ ਨੂੰ ਖੁਸ਼ ਕਰ ਸਕੇ।
ਉਨ੍ਹਾਂ ਕਿਹਾ ਕਿ ਅਜੀਤ ਸਿੰਘ ਨੇ ਵੀ ਇਹ ਦਾਅਵਾ ਕੀਤਾ ਕਿ ਉਸ ਨੂੰ ਕਿਸੇ ਨੇ ਵੀ ਸ਼੍ਰੋਮਣੀ ਵਿਚ ਨੌਕਰੀ ਦੁਆਉਣ ਲਈ ਪਹੁੰਚ ਨਹੀਂ ਕੀਤੀ ਤੇ ਨਾ ਹੀ ਸਿੱਖ ਸੰਸਥਾ ਨੇ ਨੌਕਰੀ ਲਈ ਉਸ ਨਾਲ ਸੰਪਰਕ ਕੀਤਾ। ਗਵਾਹ ਵਲੋਂ ਇੰਨਾ ਸਪੱਸ਼ਟ ਜਵਾਬ ਦੇਣ ਦੇ ਬਾਵਜੂਦ ਆਈ. ਜੀ. ਮੀਡੀਆ ਦੇ ਇਕ ਹਿੱਸੇ ਵਿਚ ਮੰਦੀ ਭਾਵਨਾ ਪੂਰਨ ਰਿਪੋਰਟ ਨੂੰ ਪ੍ਰਕਾਸ਼ਿਤ ਕਰਵਾਉਣ ਲਈ ਉਤਸੁਕ ਸੀ। ਮੇਰੇ ਵਕੀਲ ਇਸ ਕੇਸ ਦੀ ਜਾਂਚ ਕਰ ਰਹੇ ਹਨ ਤਾਂ ਜੋ ਕਿ ਪਤਾ ਲਾਇਆ ਜਾ ਸਕੇ ਕਿ ਕਿਤੇ ਮੈਨੂੰ ਬਦਨਾਮ ਕਰਨ ਲਈ ਵੱਡੀ ਸਾਜ਼ਿਸ਼ ਤਾਂ ਨਹੀਂ ਰਚੀ ਜਾ ਰਹੀ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ’ਤੇ ਦੋਸ਼ੀਆਂ ’ਤੇ ਨਕੇਲ ਕੱਸਣ ਦੀ ਬਜਾਏ ਕਾਂਗਰਸ ਸਰਕਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਇਸਤੇਮਾਲ ਰਾਜਨੀਤੀ ਕਰਨ ਲਈ ਕਰ ਰਹੀ ਹੈ।