ਚੰਡੀਗੜ੍ਹ : ‘ਕੋਰੋਨਾ’ ਪਾਜ਼ੇਟਿਵ ਪਾਏ ਗਏ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ‘ਰਵੀ ਸ਼ੰਕਰ ਝਾਅ’

Lab technician holding blood sample tube for COVID-19 test, novel coronavirus 2019 found in Wuhan, China

ਚੰਡੀਗੜ੍ਹ : ਚੰਡੀਗੜ੍ਹ ‘ਚ ਕੋਰੋਨਾ ਦੇ ਕੇਸਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਚੱਲਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਵੀ ਕੋਰੋਨਾ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਦੌਰਾਨ ਹਾਈਕੋਰਟ ਵੱਲੋਂ ਫਿਜ਼ੀਕਲ ਹੇਅਰਿੰਗ ‘ਤੇ ਰੋਕ ਲਈ ਦਿੱਤੀ ਗਈ ਹੈ। ਇਸੇ ਦੌਰਾਨ ਕੋਰੋਨਾ ਵੈਕਸੀਨ ਦੀਆਂ 2 ਡੋਜ਼ਾਂ ਲਗਵਾਉਣ ਦੇ ਬਾਵਜੂਦ ਵੀ ਚੰਡੀਗੜ੍ਹ ਦੇ ਡੀ. ਜੀ. ਪੀ. ਸੰਜੇ ਬੈਨੀਵਾਲ ਸ਼ੁੱਕਰਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ।
ਰਿਪੋਰਟ ਆਉਂਦਿਆਂ ਹੀ ਉਨ੍ਹਾਂ ਨੇ ਖ਼ੁਦ ਨੂੰ ਘਰ ‘ਚ ਹੀ ਆਈਸੋਲੇਟ ਕਰ ਲਿਆ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਚੰਡੀਗੜ੍ਹ ਪੁਲਸ ਵਿਭਾਗ ‘ਚ ਚੱਲਣ ਵਾਲੀ ਟੀਕਾਕਰਨ ਮੁਹਿੰਮ ਤਹਿਤ ਡੀ. ਜੀ. ਪੀ. ਨੇ ਸਭ ਤੋਂ ਪਹਿਲਾਂ ਟੀਕਾ ਲਵਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਟੀਕੇ ਦੀ ਦੂਜੀ ਡੋਜ਼ ਵੀ ਲਵਾ ਲਈ ਸੀ। ਦੱਸਣਯੋਗ ਹੈ ਕਿ ਬੀਤੇ ਦਿਨ ਚੰਡੀਗੜ੍ਹ ‘ਚ ਕੋਰੋਨਾ ਦੇ 481 ਨਵੇਂ ਮਰੀਜ਼ ਸਾਹਮਣੇ ਆਏ ਸਨ, ਜਦੋਂ ਕਿ ਇਕ ਮਰੀਜ਼ ਦੀ ਪੀ. ਜੀ. ਆਈ. ‘ਚ ਮੌਤ ਹੋ ਗਈ ਸੀ।
ਇਹ ਵੀ ਦੱਸਣਯੋਗ ਹੈ ਕਿ ਸ਼ਹਿਰ ‘ਚ ਕੋਰੋਨਾ ਦੇ ਕਹਿਰ ਦਰਮਿਆਨ ਪ੍ਰਸ਼ਾਸਨ ਵੱਲੋਂ ਬੀਤੇ ਦਿਨ ਵੀਕੈਂਡ ਲਾਕਡਾਊਨ ਲਾ ਦਿੱਤਾ ਗਿਆ ਹੈ। ਹੁਣ ਪੂਰਾ ਸ਼ਹਿਰ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹੇਗਾ ਅਤੇ ਸਿਰਫ ਜ਼ਰੂਰੀ ਸੇਵਾਵਾਂ ਹੀ ਚਾਲੂ ਰਹਿਣਗੀਆਂ।