ਅਮਰੀਕਾ ਇੰਡੀਆਨਾਪੋਲਿਸ ਗੋਲ਼ੀਬਾਰੀ ਘਟਨਾ ’ਤੇ ਕੈਪਟਨ ਨੇ ਪ੍ਰਗਟਾਇਆ ਦੁੱਖ

ਚੰਡੀਗੜ੍ਹ : ਅਮਰੀਕਾ (ਇੰਡੀਆਨਾਪੋਲਿਸ) ਵਿਚ ਹੋਈ ਗੋਲੀਬਾਰੀ ਦੀ ਘਟਨਾ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਆਖਿਆ ਕਿ ਅਮਰੀਕਾ (ਇੰਡੀਆਨਾਪੋਲਿਸ) ਵਿਚ ਹੋਈ ਗੋਲ਼ੀਬਾਰੀ ਜਿਸ ਵਿਚ 8 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਚਾਰ ਸਿੱਖ ਵੀ ਸ਼ਾਮਲ ਸਨ, ਨੇ ਹੈਰਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਉਹ ਪੀੜਤ ਪਰਿਵਾਰਾਂ ਲਈ ਅਰਦਾਸ ਕਰਦੇ ਹਨ। ਪ੍ਰਮਾਤਮਾ ਪੀੜਤ ਪਰਿਵਾਰਾਂ ਨੂੰ ਹਿੰਮਤ ਬਖਸ਼ੇ।
ਇੰਝ ਹੋਈ ਘਟਨਾ
ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ‘ਫੇਡਐਕਸ’ ਕੰਪਨੀ ਦੇ ਇਕ ਕੰਪਲੈਕਸ ਵਿਚ ਗੋਲੀਬਾਰੀ ਦੀ ਘਟਨਾ ਵਿਚ ਸਿੱਖ ਭਾਈਚਾਰੇ ਦੇ 4 ਵਿਅਕਤੀਆਂ ਸਮੇਤ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਬੰਦੂਕਧਾਰੀ ਹਮਲਾਵਰ ਦੀ ਪਛਾਣ ਇੰਡੀਆਨਾ ਦੇ 19 ਸਾਲਾ ਬ੍ਰੇਂਡਨ ਸਕਾਟ ਹੋਲ ਦੇ ਰੂਪ ਵਿਚ ਕੀਤੀ ਗਈ ਹੈ, ਜਿਸ ਨੇ ਇੰਡੀਆਨਾਪੋਲਿਸ ਵਿਚ ਸਥਿਤ ਫੇਡਐਕਸ ਕੰਪਨੀ ਦੇ ਕੰਪਲੈਕਸ ਵਿਚ ਵੀਰਵਾਰ ਦੇਰ ਰਾਤ ਗੋਲੀਬਾਰੀ ਕਰਨ ਤੋਂ ਬਾਅਦ ਕਥਿਤ ਤੌਰ ’ਤੇ ਖ਼ੁਦ ਨੂੰ ਗੋਲੀ ਮਾਰ ਲਈ।