ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਆਕਿਬ ਜਾਵੇਦ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਇੱਕ ਅਜਿਹਾ ਸੁਝਾਅ ਦਿੱਤਾ ਹੈ ਜਿਸ ਨੂੰ ਸੁਣ ਕੇ ਤੁਸੀਂ ਹੱਸਣ ‘ਤੇ ਮਜਬੂਰ ਹੋ ਜਾਵੋਗੇ। ਉਸ ਨੇ ਕਿਹਾ ਕਿ ਵਿਰਾਟ ਕੋਹਲੀ ਨੂੰ ਪਾਕਿਸਤਾਨ ਟੀਮ ਦੇ ਕਪਤਾਨ ਬਾਬਰ ਆਜ਼ਮ ਤੋਂ ਬੈਟਿੰਗ ਟੈਕਨੀਕ ਸਿੱਖਣ ਦੀ ਲੋੜ ਹੈ। ਪਾਕਿਸਤਾਨ ਵਲੋਂ 163 ਵਨ-ਡੇ ਅਤੇ 22 ਟੈੱਸਟ ਖੇਡਣ ਵਾਲੇ ਆਕਿਬ ਨੂੰ ਵਿਰਾਟ ਦੀ ਬੈਟਿੰਗ ‘ਚ ਇੱਕ ਜਗ੍ਹਾ ਕਮੀ ਨਜ਼ਰ ਆਉਂਦੀ ਹੈ ਜਦਕਿ ਬਾਬਰ ਆਜ਼ਮ ਦੇ ਮਾਮਲੇ ‘ਚ ਉਸ ਨੂੰ ਕੋਈ ਕਮੀ ਨਜ਼ਰ ਨਹੀਂ ਆਉਂਦੀ।
ਜਾਵੇਦ ਨੇ ਕ੍ਰਿਕਟ ਪਾਕਿਸਤਾਨ ਨਾਲ ਇੱਕ ਗੱਲਬਾਤ ‘ਚ ਕਿਹਾ, ”ਵਿਰਾਟ ਕੋਹਲੀ ਕੋਲ ਬਾਬਰ ਆਜ਼ਮ ਦੀ ਤੁਲਨਾ ‘ਚ ਸ਼ੌਟਸ ਦੀ ਰੇਂਜ ਬਿਹਤਰ ਹੈ, ਪਰ ਉਸ ‘ਚ ਇੱਕ ਵੱਡੀ ਕਮੀ ਹੈ। ਜੇਕਰ ਗੇਂਦ ਸਵਿੰਗ ਹੁੰਦੀ ਹੈ ਤਾਂ ਔਫ਼ ਸਟੰਪ ਦੇ ਕੋਲ ਗੇਂਦਬਾਜ਼ ਵਿਰਾਟ ਕੋਹਲੀ ਨੂੰ ਘੇਰ ਸਕਦੇ ਹਨ ਜਿਵੇਂ ਕਿ ਇੰਗਲੈਂਡ ‘ਚ ਜੇਮਜ਼ ਐਂਡਰਸਨ ਨੇ ਉਸ ਨਾਲ ਕੀਤਾ ਸੀ। ਦੂਜੇ ਪਾਸੇ ਜਦੋਂ ਤੁਸੀਂ ਬਾਬਰ ਆਜ਼ਮ ਨੂੰ ਦੇਖਦੇ ਹੋ ਤਾਂ ਉਸ ‘ਚ ਕੋਈ ਕਮਜ਼ੋਰ ਪੱਖ ਨਹੀਂ। ਉਸ ਨੇ ਬਾਬਰ ਆਜ਼ਮ ਦੀ ਤੁਲਨਾ ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨਾਲ ਵੀ ਕਰ ਦਿੱਤੀ।

ਉਸ ਨੇ ਕਿਹਾ ਕਿ ਜਿਵੇਂ ਸਚਿਨ ਤੇਂਦੁਲਕਰ ਦੀ ਬੈਟਿੰਗ ‘ਚ ਕੋਈ ਸਮੱਸਿਆ ਨਹੀਂ ਸੀ ਉਂਝ ਹੀ ਬਾਬਰ ਦੀ ਬੈਟਿੰਗ ‘ਚ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ। ਹਾਲਾਂਕਿ ਇੱਥੇ ਉਸ ਨੇ ਬਾਬਰ ਨੂੰ ਫ਼ਿੱਟਨੈਸ ਦੇ ਮਾਮਲੇ ‘ਚ ਵਿਰਾਟ ਨੂੰ ਫ਼ੌਲੋ ਕਰਨ ਦੀ ਸਲਾਹ ਵੀ ਦਿੱਤੀ। ਉਸ ਨੇ ਕਿਹਾ ਕਿ ਭਾਰਤੀ ਕਪਤਾਨ ਦੁਨੀਆਂ ਦੇ ਸਭ ਤੋਂ ਫ਼ਿੱਟ ਕ੍ਰਿਕਟਰਾਂ ‘ਚੋਂ ਇੱਕ ਹੈ ਅਤੇ ਇਸ ਲਈ ਉਸ ਨੇ ਖ਼ੂਬ ਮਿਹਨਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਸਮੇਂ-ਸਮੇਂ ‘ਤੇ ਫ਼ੈਨਜ਼ ਦੋਵੇਂ ਕ੍ਰਿਕਟਰਾਂ ਦੀ ਤੁਲਨਾ ਕਰਦੇ ਰਹਿੰਦੇ ਹਨ। ਵਿਰਾਟ ਦੀ ਤਰ੍ਹਾਂ ਹੀ ਬਬਰ ਆਜ਼ਮ ਨੇ ਵੀ ਜੂਨੀਅਰ ਪੱਧਰ ‘ਤੇ ਆਪਣੀ ਟੀਮ ਦੀ ਨੁਮਾਇੰਦਗੀ ਕੀਤੀ ਹੈ। ਬਾਬਰ ਇਸ ਸਮੇਂ ਪਾਕਿਸਤਾਨ ਦੇ ਤਿੰਨੇ ਫ਼ੌਰਮੈਟਾਂ ਦਾ ਕਪਤਾਨ ਹੈ। ਇਸ ਮਾਮਲੇ ‘ਚ ਵੀ ਉਹ ਵਿਰਾਟ ਦੀ ਤਰ੍ਹਾਂ ਹੈ ਕਿਉਂਕਿ ਵਿਰਾਟ ਵੀ ਲੰਬੇ ਸਮੇਂ ਤੋਂ ਕ੍ਰਿਕਟ ਦੇ ਤਿੰਨੇ ਫ਼ੌਰਮੈਟਾਂ ‘ਚ ਭਾਰਤੀ ਟੀਮ ਦੀ ਅਗਵਾਈ ਕਰਦਾ ਹੈ। ਬਾਬਰ ਨੇ ਅਜੇ ਤਕ ਪਾਕਿਸਤਾਨ ਵਲੋਂ 31 ਟੈੱਸਟ, 80 ਵਨ-ਡੇ ਤੇ 48 T-20 ਮੈਚ ਖੇਡੇ ਹਨ। ਹਾਲ ਹੀ ਵਿੱਚ ਉਹ ਵੰਨ-ਡੇ ਮੈਚਾਂ ‘ਚ ਸਭ ਤੋਂ ਤੇਜ਼, 80 ਮੈਚਾਂ ‘ਚ, 13 ਸੈਂਕੜੇ ਲਗਾਉਣ ਵਾਲਾ ਖਿਡਾਰੀ ਵੀ ਬਣਿਆ ਸੀ।