ਮੁੰਬਈ – ਸੰਜੂ ਸੈਮਸਨ ਦੇ ਸੈਂਕੜੇ ਦੇ ਬਾਵਜੂਦ ਰਾਜਸਥਾਨ ਰੌਇਲਜ਼ ਨੂੰ ਇੰਡੀਅਨ ਪ੍ਰੀਮੀਅਰ ਲੀਗ ‘ਚ ਸੋਮਵਾਰ ਨੂੰ ਪੰਜਾਬ ਕਿੰਗਜ ਵਿਰੁੱਧ ਵੱਡੇ ਸਕੋਰ ਵਾਲੇ ਮੈਚ ‘ਚ ਚਾਰ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਟੀਮ ਦੇ ਕਪਤਾਨ ਸੰਜੂ ਸੈਮਸਨ ਨੇ ਕਿਹਾ ਕਿ ਉਹ ਰੌਇਲਜ਼ ਨੂੰ ਜਿੱਤ ਦਿਵਾਉਣਾ ਪਸੰਦ ਕਰਦਾ, ਪਰ ਇਸ ਤੋਂ ਬਿਹਤਰ ਕੁੱਝ ਨਹੀਂ ਸੀ ਕਰ ਸਕਦਾ। ਪੰਜਾਬ ਕਿੰਗਜ਼ ਨੇ ਕਪਤਾਨ ਲੋਕੇਸ਼ ਰਾਹੁਲ ਦੇ 50 ਗੇਂਦਾਂ ‘ਚ ਪੰਜ ਛੱਕਿਆਂ ਅਤੇ ਸੱਤ ਚੌਕਿਆਂ ਦੀ ਮਦਦ ਨਾਲ 91 ਦੌੜਾਂ ਅਤੇ ਦੀਪਕ ਹੁੱਡਾ (28 ਗੇਂਦਾਂ ‘ਚ 64 ਦੌੜਾਂ, ਛੇ ਛੱਕੇ, ਚਾਰ ਚੌਕੇ) ਦੇ ਨਾਲ ਉਸ ਦੀ ਤੀਜੇ ਵਿਕਟ ਲਈ 105 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਛੇ ਵਿਕਟਾਂ ‘ਤੇ 221 ਦੌੜਾਂ ਬਣਾਈਆਂ।

ਇਸ ਦੇ ਜਵਾਬ ‘ਚ ਰਾਜਸਥਾਨ ਰੌਇਲਜ਼ ਵਲੋਂ ਸੰਜੂ ਸੈਮਸਨ IPL ‘ਚ ਕਪਤਾਨੀ ਦੇ ਡੈਬੀਊ ‘ਤੇ ਸੈਂਕੜਾ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣਿਆ। ਉਸ ਵਲੋਂ 63 ਗੇਂਦਾਂ ‘ਚ 12 ਚੌਕੇ ਅਤੇ ਸੱਤ ਛੱਕਿਆਂ ਨਾਲ ਬਣਾਈਆਂ ਗਈਆਂ 119 ਦੌੜਾਂ ਦੇ ਬਾਵਜੂਦ ਰੌਇਲਜ਼ ਸੱਤ ਵਿਕਟਾਂ ਦੇ ਨੁਕਸਾਨ ‘ਤੇ ਕੇਵਲ 217 ਦੌੜਾਂ ਹੀ ਬਣਾ ਸਕੇ। ਸੈਮਸਨ ਨੇ ਮੈਚ ਤੋਂ ਬਾਅਦ ਕਿਹਾ ਕਿ ਆਪਣੇ ਅਹਿਸਾਸ ਨੂੰ ਬਿਆਨ ਕਰਨ ਦੇ ਲਈ ਮੇਰੇ ਕੋਲ ਸ਼ਬਦ ਨਹੀਂ। ਆਪਣੀ ਟੀਮ ਨੂੰ ਜਿੱਤ ਦਿਵਾਉਣਾ ਪਸੰਦ ਕਰਦਾ, ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਤੋਂ ਬੇਹਤਰ ਕੁੱਝ ਕਰ ਸਕਦਾ ਸੀ। ਦੋਹਾਂ ਟੀਮਾਂ ਨੇ ਇਸ ਮੁਕਾਬਲੇ ‘ਚ ਬਹੁਤ ਕੈਚ ਛੱਡੇ ਜਿਸ ‘ਤੇ ਸੈਮਸਨ ਨੇ ਕਿਹਾ – ਕਈ ਕੈਚ ਛੁੱਟ ਜਾਂਦੇ ਹਨ ਵਧੀਆ ਕੈਚ ਕੀਤੇ ਵੀ ਜਾਂਦੇ ਹਨ। ਇਹ ਖੇਡ ਦਾ ਹਿੱਸਾ ਹੈ।