ਲੰਡਨ – ਇੰਗਲੈਂਡ ਕ੍ਰਿਕਟ ਟੀਮ ਨੇ ਸੋਸ਼ਲ ਮੀਡੀਆ ‘ਤੇ ਖਿਡਾਰੀਆਂ ਨਾਲ ਹੋ ਰਹੀ ਬਦਸਲੂਕੀ ਖ਼ਿਲਾਫ਼ ਖੜ੍ਹੇ ਹੋਣ ਦਾ ਫ਼ੈਸਲਾ ਕੀਤਾ ਹੈ। ਖਿਡਾਰੀ ਇਸ ਨਾਲ ਇੰਨਾ ਨਾਰਾਜ਼ ਹਨ ਕਿ ਉਹ ਸੋਸ਼ਲ ਮੀਡੀਆ ਦੇ ਸਾਰੇ ਪਲੈਟਫ਼ੌਰਮਜ਼ ਦਾ ਬਾਇਕਾਟ ਕਰਨ ਦੀ ਤਿਆਰੀ ਕਰ ਰਹੇ ਹਨ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰੌਡ ਨੇ ਇਹ ਜਾਣਕਾਰੀ ਦਿੱਤੀ।

ਹਾਲ ਹੀ ‘ਚ ਸਪਿਨਰ ਮੋਈਨ ਅਲੀ ਅਤੇ ਜੋਫ਼ਰਾ ਆਰਚਰ ਨਾਲ ਸੋਸ਼ਲ ਮੀਡੀਆ ‘ਤੇ ਬੁਰਾ ਸਲੂਕ ਕੀਤਾ ਗਿਆ ਸੀ। ਬ੍ਰੌਡ ਨੇ ਕਿਹਾ ਕਿ ਉਹ ਇਸ ਖ਼ਿਲਾਫ਼ ਖੜ੍ਹੇ ਹੋਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਬਹੁਤ ਫ਼ਾਇਦੇ ਹਨ, ਪਰ ਜੇਕਰ ਸਾਨੂੰ ਗ਼ਲਤ ਦੇ ਖ਼ਿਲਾਫ਼ ਖੜ੍ਹਾ ਹੋਣ ਲਈ ਜੇਕਰ ਕੁੱਝ ਸਮੇਂ ਲਈ ਇਸ ਤੋਂ ਦੂਰ ਵੀ ਰਹਿਣਾ ਪਵੇ ਤਾਂ ਅਸੀਂ ਇਸ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਕੋਈ ਵੀ ਫ਼ੈਸਲਾ ਡ੍ਰੈਸਿੰਗ ਰੂਮ ‘ਚ ਮੌਜੂਦ ਸੀਨੀਅਰ ਖਿਡਾਰੀ ਲੈਣਗੇ। ਉਨ੍ਹਾਂ ਕਿਹਾ ਕਿ ਇਹ ਅਸਲ ‘ਚ ਉਨ੍ਹਾਂ ਲੋਕਾਂ ਲਈ ਸੰਦੇਸ਼ ਹੋਵੇਗਾ ਜੋ ਸੋਸ਼ਲ ਮੀਡੀਆ ਦਾ ਗ਼ਲਤ ਇਸਤੇਮਾਲ ਕਰ ਰਹੇ ਹਨ।
ਤਸਲੀਮਾ ਨਸਰੀਨ ਨੇ ਮੋਈਨ ਅਲੀ ‘ਤੇ ਕੀਤਾ ਸੀ ਵਿਵਾਦਤ ਟਵੀਟ
ਹਾਲ ਹੀ ‘ਚ ਹਾਲ ਹੀ ‘ਚ ਬੰਗਲਾਦੇਸ਼ੀ ਲਿਖਾਰੀ ਤਸਲੀਮਾ ਨਸਰੀਨ ਨੇ ਇੰਗਲੈਂਡ ਦੇ ਸਪਿਨਰ ਮੋਈਨ ਅਲੀ ਨੂੰ ਲੈ ਕੇ ਇੱਕ ਵਿਵਾਦਤ ਟਵੀਟ ਕੀਤਾ ਸੀ। ਉਸ ਨੇ ਲਿਖਿਆ ਸੀ ਕਿ ਜੇਕਰ ਮੋਈਨ ਅਲੀ ਕ੍ਰਿਕਟ ਨਹੀਂ ਖੇਡਦਾ ਤਾਂ ਉਹ ਅਤਿਵਾਦੀ ਸੰਗਠਨ ISIS (ਇਸਲਾਮਿਕ ਸਟੇਟ ਔਫ਼ ਇਰਾਕ ਐਂਡ ਸੀਰੀਆ) ‘ਚ ਸ਼ਾਮਿਲ ਹੋ ਗਿਆ ਹੁੰਦਾ। ਨਸਰੀਨ ਦੇ ਇਸ ਟਵੀਟ ‘ਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ਼ਰਾ ਆਰਚਰ ਨੇ ਸਖ਼ਤ ਜਵਾਬ ਦਿੱਤਾ। ਉਸ ਨੇ ਟਵੀਟ ਕੀਤਾ ਕਿ ਤੁਸੀਂ (ਤਸਲੀਮਾ) ਠੀਕ ਹੋ? ਮੈਨੂੰ ਨਹੀਂ ਲਗਦਾ ਕਿ ਤੁਸੀਂ ਠੀਕ ਹੋ। ਇਸ ‘ਤੇ ਬੰਗਲਾਦੇਸ਼ੀ ਲਿਖਾਰੀ ਨੇ ਲਿਖਿਆ ਕਿ ਨਫ਼ਰਤ ਕਰਨ ਵਾਲੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੋਈਨ ਨੂੰ ਲੈ ਕੇ ਮੇਰਾ ਟਵੀਟ ਸਿਰਫ਼ ਇੱਕ ਮਜ਼ਾਕ ਸੀ, ਪਰ ਲੋਕਾਂ ਨੇ ਮੇਰੀ ਬੇਇਜ਼ਤੀ ਕਰਨ ਲਈ ਇਸ ਨੂੰ ਇੱਕ ਮੁੱਦਾ ਬਣਾ ਲਿਆ। ਅਜਿਹਾ ਇਸ ਲਈ ਹੋਇਆ ਕਿਉਂਕਿ ਮੈਂ ਮੁਸਲਿਮ ਸਮਾਜ ਨੂੰ ਧਰਮ ਨਿਰਪੱਖ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ। ਇਸ ‘ਤੇ ਆਰਚਰ ਨੇ ਲਿਖਿਆ, ਵਿਅੰਗ? ਕੋਈ ਵੀ ਨਹੀਂ ਹੱਸ ਰਿਹਾ। ਤੁਸੀਂ ਵੀ ਨਹੀਂ। ਤੁਸੀਂ ਘੱਟੋ-ਘੱਟ ਇਹ ਕਰ ਸਕਦੇ ਹੋ ਕਿ ਇਸ ਟਵੀਟ ਨੂੰ ਹਟਾ ਦਿਓ।”