ਕੋਰੋਨਾ ਖ਼ਿਲਾਫ਼ ਦੇਸ਼ ’ਚ ਅੱਜ ਤੋਂ ‘ਟੀਕਾ ਉਤਸਵ’, PM ਮੋਦੀ ਨੇ ਕੀਤੀਆਂ 4 ਬੇਨਤੀਆਂ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਕੋਰੋਨਾ ਮਹਾਮਾਰੀ ਖ਼ਿਲਾਫ਼ ਦੇਸ਼ ਭਰ ’ਚ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਯਾਨੀ ਕਿ ਐਤਵਾਰ ਨੂੰ ਸ਼ੁਰੂ ਕੀਤੇ ਜਾ ਰਹੇ ਟੀਕਾ ਉਤਸਵ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਦੀ ਅਪੀਲ ਕੀਤੀ ਹੈ। ਮੋਦੀ ਨੇ ਐਤਵਾਰ ਨੂੰ ਟਵੀਟ ਕਰ ਕੇ ਲੋਕਾਂ ਨੂੰ ਕਿਹਾ ਕਿ ਅੱਜ ਤੋਂ ਅਸੀਂ ਸਾਰੇ, ਦੇਸ਼ ਭਰ ਵਿਚ ਟੀਕਾ ਉਤਸਵ ਦੀ ਸ਼ੁਰੂਆਤ ਕਰ ਰਹੇ ਹਾਂ। ਕੋਰੋਨਾ ਖ਼ਿਲਾਫ਼ ਲੜਾਈ ਦੇ ਇਸ ਪੜਾਅ ਵਿਚ ਦੇਸ਼ ਵਾਸੀਆਂ ਨੂੰ ਮੇਰੀਆਂ 4 ਬੇਨਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ 4 ਗੱਲਾਂ, ਜ਼ਰੂਰ ਯਾਦ ਰੱਖਣੀਆਂ ਚਾਹੀਦੀਆਂ ਹਨ। ਹਰੇਕ ਵਿਅਕਤੀ ਇਕ ਵਿਅਕਤੀ ਨੂੰ ਟੀਕਾ ਲਗਵਾਏ, ਯਾਨੀ ਕਿ ਜੋ ਲੋਕ ਘੱਟ ਪੜ੍ਹੇ-ਲਿਖੇ ਹਨ, ਬਜ਼ੁਰਗ ਹਨ, ਜੋ ਖ਼ੁਦ ਜਾ ਕੇ ਟੀਕਾ ਨਹੀਂ ਲਗਵਾ ਸਕਦੇ, ਉਨ੍ਹਾਂ ਦੀ ਮਦਦ ਕਰੋ। ਹਰੇਕ ਵਿਅਕਤੀ ਇਕ ਵਿਅਕਤੀ ਦੇ ਇਲਾਜ ਵਿਚ ਮਦਦ ਕਰੇ। ਯਾਨੀ ਕਿ ਜਿਨ੍ਹਾਂ ਲੋਕਾਂ ਕੋਲ ਸਾਧਨ ਨਹੀਂ ਹਨ, ਜਿਨ੍ਹਾਂ ਨੂੰ ਜਾਣਕਾਰੀ ਵੀ ਘੱਟ ਹੈ, ਉਨ੍ਹਾਂ ਦੀ ਕੋਰੋਨਾ ਦੇ ਇਲਾਜ ’ਚ ਮਦਦ ਕਰੋ। ਹਰੇਕ ਵਿਅਕਤੀ ਇਕ ਵਿਅਕਤੀ ਨੂੰ ਸੁਰੱਖਿਅਤ ਬਣਾਏ, ਯਾਨੀ ਮੈਂ ਖ਼ੁਦ ਵੀ ਮਾਸਕ ਪਹਿਨਣਾ ਅਤੇ ਇਸ ਤਰ੍ਹਾਂ ਖ਼ੁਦ ਨੂੰ ਅਤੇ ਦੂਜਿਆਂ ਨੂੰ ਬਚਾਵਾਂ, ਇਸ ਗੱਲ ’ਤੇ ਜ਼ੋਰ ਦਿੱਤਾ ਜਾਵੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਚੌਥੀ ਅਹਿਮ ਗੱਲ, ਕਿਸੇ ਨੂੰ ਕੋਰੋਨਾ ਹੋਣ ਦੀ ਸਥਿਤੀ ਵਿਚ ‘ਮਾਈਕ੍ਰੋ ਕੰਟੇਨਮੈਂਟ ਜ਼ੋਨ’ ਬਣਾਉਣ ਦੀ ਅਗਵਾਈ ਸਮਾਜ ਦੇ ਲੋਕ ਕਰਨ। ਜਿੱਥੇ ਵੀ ਕਿਤੇ ਵੀ ਇਕ ਵੀ ਕੋਰੋਨਾ ਦਾ ਪਾਜ਼ੇਟਿਵ ਕੇਸ ਆਇਆ ਹੈ, ਉੱਥੇ ਪਰਿਵਾਰ ਦੇ ਲੋਕ, ਸਮਾਜ ਦੇ ਲੋਕ ‘ਮਾਈਕ੍ਰੋ ਕੰਟੇਨਮੈਂਟ ਜ਼ੋਨ’ ਬਣਾਉਣ। ਭਾਰਤ ਵਰਗੀ ਸੰਘਣੀ ਆਬਾਦੀ ਵਾਲੇ ਸਾਡੇ ਦੇਸ਼ ਵਿਚ ਕੋਰੋਨਾ ਖ਼ਿਲਾਫ਼ ਲੜਾਈ ਦਾ ਇਕ ਮਹੱਤਵਪੂਰਨ ਤਰੀਕਾ ‘ਮਾਈਕ੍ਰੋ ਕੰਟੇਨਮੈਂਟ ਜ਼ੋਨ’ ਵੀ ਹੈ। ਉਨ੍ਹਾਂ ਨੇ ਕਿਹਾ ਕਿ ਇਕ ਵੀ ਪਾਜ਼ੇਟਿਵ ਕੇਸ ਆਉਣ ’ਤੇ ਸਾਨੂੰ ਸਾਰਿਆਂ ਨੂੰ ਜਾਗਰੂਕ ਰਹਿਣਾ, ਬਾਕੀ ਲੋਕਾਂ ਦੀ ਵੀ ਟੈਸਟਿੰਗ ਕਰਾਉਣਾ ਬਹੁਤ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਨੇ ਨਮੋ ਐਪ ’ਤੇ ਆਪਣੀਆਂ ਚਾਰੋਂ ਬੇਨਤੀਆਂ ਬਾਰੇ ਵਿਸਥਾਰ ਨਾਲ ਲਿਖਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅੱਜ 11 ਅਪ੍ਰੈਲ ਯਾਨੀ ਕਿ ਜੋਤੀਤਿਬਾ ਫੁਲੇ ਜਯੰਤੀ ਮੌਕੇ ਅਸੀਂ ਦੇਸ਼ ਵਾਸੀ ‘ਟੀਕਾ ਉਤਸਵ’ ਦੀ ਸ਼ੁਰੂਆਤ ਕਰ ਰਹੇ ਹਾਂ। ਇਹ ਟੀਕਾ ਉਤਸਵ 14 ਅਪ੍ਰੈਲ ਯਾਨੀ ਕਿ ਬਾਬਾ ਸਾਹਿਬ ਅੰਬੇਡਕਰ ਜਯੰਤੀ ਤੱਕ ਚੱਲੇਗਾ। ਇਹ ਉਤਸਵ ਇਕ ਤਰ੍ਹਾਂ ਨਾਲ ਕੋਰੋਨਾ ਖ਼ਿਲਾਫ਼ ਦੂਜੀ ਵੱਡੀ ਜੰਗ ਦੀ ਸ਼ੁਰੂਆਤ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ, ਇਸ ਤਰ੍ਹਾਂ ਜਨਤਕ ਭਾਗੀਦਾਰੀ ਨਾਲ, ਜਾਗਰੂਕ ਰਹਿੰਦੇ ਹੋਏ, ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ, ਅਸੀਂ ਇਕ ਵਾਰ ਫਿਰ ਕੋਰੋਨਾ ਨੂੰ ਕੰਟਰੋਲ ਕਰਨ ’ਚ ਸਫ਼ਲ ਹੋਵਾਂਗੇ। ਯਾਦ ਰੱਖੋ- ਦਵਾਈ ਵੀ, ਸਖਤਾਈ ਵੀ।