ਭਾਰਤ ’ਚ ਕੋਰੋਨਾ ਦੇ ਵਿਗੜਦੇ ਹਾਲਾਤ, ਪੀ. ਐੱਮ. ਮੋਦੀ ਨੇ ਬੁਲਾਈ ਉੱਚ ਪੱਧਰੀ ਮੀਟਿੰਗ

ਨਵੀਂ ਦਿੱਲੀ— ਦੇਸ਼ ’ਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਐਤਵਾਰ ਨੂੰ ਉੱਚ ਪੱਧਰੀ ਮੀਟਿੰਗ ਬੁਲਾਈ। ਇਸ ਮੀਟਿੰਗ ਵਿਚ ਕੋਰੋਨਾ ਦੇ ਵੱਧਦੇ ਕੇਸਾਂ ਅਤੇ ਟੀਕਾਕਰਨ ਮੁਹਿੰਮ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਸਮੀਖਿਆ ਮੀਟਿੰਗ ਵਿਚ ਪ੍ਰਧਾਨ ਮੰਤਰੀ ਮੋਦੀ ਨਾਲ ਕੈਬਨਿਟ ਸੈਕ੍ਰਟਰੀ, ਪੀ. ਐੱਮ. ਮੋਦੀ ਦੇ ਮੁੱਖ ਸਕੱਤਰ, ਸਿਹਤ ਸਕੱਤਰ ਡਾ. ਵਿਨੋਦ ਪਾਲ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ। ਪ੍ਰਧਾਨ ਮੰਤਰੀ ਇਸ ਮੀਟਿੰਗ ਵਿਚ ਦੇਸ਼ ਵਿਚ ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਸਾਵਧਾਨੀ ਨੂੰ ਲੈ ਕੇ ਵੀ ਚਰਚਾ ਕੀਤੀ।
ਐਤਵਾਰ ਨੂੰ ਕੋਰੋਨਾ ਵਾਇਰਸ ਦੇ 93,249 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਇਸ ਸਾਲ ਇਸ ਦਿਨ ’ਚ ਆਏ ਸਭ ਤੋਂ ਵੱਧ ਕੇਸ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 1,24,85,509 ਹੋ ਗਈ ਹੈ। ਅੰਕੜਿਆਂ ਮੁਤਾਬਕ ਮਹਾਮਾਰੀ ਨਾਲ 513 ਹੋਰ ਲੋਕਾਂ ਦੀ ਜਾਨ ਚੱਲੀ ਗਈ, ਜਿਸ ਨਾਲ ਮਿ੍ਰਤਕਾਂ ਦੀ ਗਿਣਤੀ ਵੱਧ ਕੇ 1,64,623 ਹੋ ਗਈ ਹੈ। ਦੇਸ਼ ਵਿਚ ਹੁਣ ਤੱਕ 6,91,597 ਮਰੀਜ਼ ਕੋਵਿਡ-19 ਦਾ ਇਲਾਜ ਕਰਵਾ ਰਹੇ ਹਨ, ਜੋ ਕਿ ਵਾਇਰਸ ਦੇ ਕੁੱਲ ਕੇਸਾਂ ਦਾ 5,54 ਫ਼ੀਸਦੀ ਹੈ।
ਸਿਹਤਮੰਦ ਹੋਣ ਵਾਲੇ ਲੋਕਾਂ ਦੀ ਦਰ ਡਿੱਗ ਕੇ 93.14 ਫ਼ੀਸਦੀ ਰਹਿ ਗਈ ਹੈ। ਅੰਕੜਿਆਂ ਮੁਤਾਬਕ ਇਸ ਬੀਮਾਰੀ ਨਾਲ ਹੁਣ ਤੱਕ 1,16,29,289 ਲੋਕ ਠੀਕ ਹੋ ਚੁੱਕੇ ਹਨ। ਜੇਕਰ ਗੱਲ ਟੀਕਾਕਰਨ ਦੀ ਕੀਤੀ ਜਾਵੇ ਤਾਂ ਦੇਸ਼ ਵਿਚ 7,59,79,651 ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਚੁੱਕੀ ਹੈ।