ਕੋਵਿਡ-19 ਨਾਲ ਪੀੜਤ ਫਾਰੂਕ ਅਬਦੁੱਲਾ ਹਸਪਤਾਲ ‘ਚ ਕਰਵਾਏ ਗਏ ਦਾਖ਼ਲ

ਸ਼੍ਰੀਨਗਰ- ਹਾਲ ਹੀ ‘ਚ ਕੋਵਿਡ-19 ਨਾਲ ਪੀੜਤ ਪਾਏ ਗਏ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਚੌਕਸੀ ਵਜੋਂ ਸ਼ਨੀਵਾਰ ਨੂੰ ਇਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਫਾਰੂਕ ਦੇ ਪੁੱਤਰ ਉਮਰ ਅਬਦੁੱਲਾ ਨੇ ਟਵਿੱਟਰ ‘ਤੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਡਾਕਟਰਾਂ ਦੀ ਸਲਾਹ ਤੋਂ ਬਾਅਦ ਬਿਹਤਰ ਨਿਗਰਾਨੀ ਲਈ ਸ਼੍ਰੀਨਗਰ ਦੇ ਇਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
ਉਮਰ ਨੇ ਕਿਹਾ,”ਲੋਕਾਂ ਦੇ ਦਿਖਾਏ ਗਏ ਪਿਆਰ ਅਤੇ ਦੁਆਵਾਂ ਲਈ ਸਾਡਾ ਪਰਿਵਾਰ ਹਰ ਕਿਸੇ ਦਾ ਆਭਾਰੀ ਹੈ।” ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ (85) ਮੰਗਲਵਾਰ ਨੂੰ ਪੀੜਤ ਪਾਏ ਗਏ ਸਨ। ਸ਼ੁਰੂਆਤ ‘ਚ ਉਹ ਘਰ ‘ਤੇ ਏਕਾਂਤਵਾਸ ‘ਚ ਸਨ ਪਰ ਡਾਕਟਰਾਂ ਨੇ ਬਿਹਤਰ ਮੈਡੀਕਲ ਦੇਖਭਾਲ ਲਈ ਉਨ੍ਹਾਂ ਨੂੰ ਇਕ ਹਸਪਤਾਲ ‘ਚ ਭੇਜਣ ਦਾ ਫ਼ੈਸਲਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਨੇਤਾਵਾਂ ਨੇ ਫਾਰੂਕ ਦੇ ਪੀੜਤ ਹੋਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਸੀ। ਫਾਰੂਕ ਨੇ 2 ਮਾਰਚ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਈ ਸੀ।