1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਨਾਗਰਿਕ ਲਗਵਾ ਸਕਣਗੇ ‘ਕੋਰੋਨਾ ਦਾ ਟੀਕਾ’

ਸ੍ਰੀ ਚਮਕੌਰ ਸਾਹਿਬ : ਇਕ ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਨਾਗਰਿਕ ਆਪਣਾ ਕੋਵਿਡ-19 ਟੀਕਾਕਰਨ ਕਰਵਾ ਸਕਦੇ ਹਨ। ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਸੀ. ਪੀ. ਸਿੰਘ ਨੇ ਦਿੱਤੀ। ਪਹਿਲਾਂ 45 ਸਾਲ ਤੋਂ ਵੱਧ ਉਮਰ ਦੇ ਉਨ੍ਹਾਂ ਵਿਅਕਤੀਆਂ ਨੂੰ ਕੋਵਿਡ-19 ਵੈਕਸੀਨ ਦੇ ਟੀਕੇ ਲਾਏ ਜਾ ਰਹੇ ਸਨ, ਜੋ ਕਿ ਹੋਰ ਬੀਮਾਰੀਆਂ ਨਾਲ ਪੀੜਤ ਸਨ ਪਰ ਹੁਣ ਕੋਵਿਡ ਦੇ ਮੁਕੰਮਲ ਖ਼ਾਤਮੇ ਲਈ ਸਰਕਾਰ ਹੋਰ ਬੀਮਾਰੀਆਂ ਵਾਲੀ ਸ਼ਰਤ ਖ਼ਤਮ ਕਰ ਕੇ 45 ਸਾਲ ਦੇ ਹਰੇਕ ਨਾਗਰਿਕ ਨੂੰ ਇਹ ਸਹੂਲਤ ਮੁਫ਼ਤ ਮੁਹੱਈਆ ਕਰਵਾਏਗੀ।
ਉਨ੍ਹਾਂ ਕਿਹਾ ਕਿ ਜਲਦ ਹੀ ਇਸ ਦੀ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ ਅਤੇ ਕੋਈ ਵੀ ਵਿਅਕਤੀ ਆਪਣੇ ਰਜਿਸਟਰਡ ਮੋਬਾਇਲ ਨੰਬਰ ਤੋਂ ਆਪਣੇ ਪਰਿਵਾਰ ਦੇ 4 ਮੈਂਬਰਾਂ ਤੱਕ ਦੀ ਰਜਿਸਟ੍ਰੇਸ਼ਨ ਕਰਵਾ ਸਕੇਗਾ। ਉਨ੍ਹਾਂ ਕਿਹਾ ਕਿ ਕੋਵਿਡ ਵੈਕਸੀਨ ਦਾ ਦੂਜਾ ਟੀਕਾ ਵੀ ਉਸੇ ਵੈਕਸੀਨ ਦਾ ਲੱਗੇਗਾ, ਜੋ ਵੈਕਸੀਨ ਵਿਅਕਤੀ ਨੂੰ ਪਹਿਲੇ ਟੀਕਾਕਰਨ ਦੌਰਾਨ ਲਾਈ ਗਈ ਹੋਵੇ। ਡਾ. ਸੀ. ਪੀ. ਸਿੰਘ ਨੇ ਅਪੀਲ ਕੀਤੀ ਕਿ ਕੋਵਿਡ-19 ਦੇ ਖ਼ਾਤਮੇ ਲਈ ਯੋਗ ਵਿਅਕਤੀ ਜ਼ਰੂਰ ਆਪਣਾ ਟੀਕਾਕਰਨ ਕਰਵਾਉਣ, ਤਾਂ ਜੋ ਕੋਵਿਡ-19 ਬੀਮਾਰੀ ਨੂੰ ਜਲਦੀ ਖ਼ਤਮ ਕੀਤਾ ਜਾ ਸਕੇ।