ਨਵੀਂ ਦਿੱਲੀ– ਦਿੱਲੀ ਦੀ ਇਕ ਅਦਾਲਤ ਨੇ ਵੱਖ ਰਹਿ ਰਹੀ ਪਤਨੀ ਨੂੰ ਅੰਤਰਿਮ ਗੁਜ਼ਾਰਾ ਭੱਤਾ ਦੇਣ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਇਕ ਵਿਅਕਤੀ ਦੀ ਅਪੀਲ ਨੂੰ ਖਾਰਜ਼ ਕਰਦੇ ਹੋਏ ਕਿਹਾ ਕਿ ਰਸਮੀ ਤੌਰ ’ਤੇ ਵਿਆਹ ਕੇ ਲਿਆਂਦੀ ਗਈ ਪਤਨੀ ਨੂੰ ਗੁਜ਼ਾਰਾ ਭੱਤਾ ਦੇਣਾ ਪਤੀ ਦੀ ਸਮਾਜਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਹੈ ਅਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦਾ। ਹਾਲਾਂਕਿ ਅਦਾਲਤ ਨੇ ਆਪਣੇ ਫੈਸਲੇ ’ਚ ਇਹ ਵੀ ਕਿਹਾ ਕਿ ਕਿਉਂਕਿ ਪਤਨੀ ਪੜ੍ਹੀ-ਲਿਖੀ ਹੈ ਲਿਹਾਜਾ ਉਸ ਨੂੰ ਆਪਣੇ ਲਈ ਕੋਈ ਨੌਕਰੀ ਲੱਭਣੀ ਚਾਹੀਦੀ ਹੈ ਅਤੇ ਘਰ ’ਚ ਖਾਲੀ ਬੈਠ ਕੇ ਆਪਣੀ ਪ੍ਰਤਿਭਾ ਨੂੰ ਬਰਬਾਦ ਨਹੀਂ ਹੋਣ ਦੇਣਾ ਚਾਹੀਦਾ। ਚੀਫ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਵਰਣ ਕਾਂਤ ਸ਼ਰਮਾ ਨੇ ਕਿਹਾ ਕਿ ਮੈਜਿਸਟ੍ਰੇਟ ਅਦਾਲਤ ਦਾ ਇਹ ਹੁਕਮ ਸਹੀ ਹੈ ਕਿ ਪਤੀ ਆਪਣੀ ਪਤਨੀ ਨੂੰ ਅੰਤਰਿਮ ਗੁਜ਼ਾਰੇ ਭੱਤੇ ਦੇ ਤੌਰ ’ਤੇ 20 ਹਜ਼ਾਰ ਰੁਪਏ ਦੇਵੇ। ਅਦਾਲਤ ਨੇ 25 ਮਾਰਚ ਨੂੰ ਪਾਸ ਆਦੇਸ਼ ‘ਚ ਕਿਹਾ,”ਸਥਾਪਤ ਕਾਨੂੰਨ ਅਨੁਸਾਰ ਅਪੀਲਕਰਤਾ (ਪਤੀ) ਰਸਮੀ ਤੌਰ ‘ਤੇ ਵਿਆਹ ਕੇ ਲਿਆਂਦੀ ਗਈ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ ਹੈ। ਇਹ ਪਤਨੀ ਦੇ ਪ੍ਰਤੀ ਉਸ ਦੀ ਸਮਾਜਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਹੈ।”
ਸੁਣਵਾਈ ਦੌਰਾਨ ਵਿਅਕਤੀ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਪਤਨੀ ਬਿਨ੍ਹਾਂ ਕਿਸੇ ਕਾਰਨ ਸਹੁਰੇ ਘਰ ਤੋਂ ਚਲੀ ਗਈ ਸੀ ਅਤੇ ਵਾਪਸ ਆਉਣ ਤੋਂ ਨਾਂਹ ਕਰ ਦਿੱਤੀ। ਵਕੀਲ ਨੇ ਕਿਹਾ ਕਿ ਵਿਅਕਤੀ 2019 ਤੋਂ ਬੇਰਜ਼ੁਗਾਰ ਹੈ ਕਿਉਂਕਿ ਪੜ੍ਹਾਈ ਕਰਨ ਲਈ ਉਸ ਨੇ ਨੌਕਰੀ ਛੱਡ ਦਿੱਤੀ ਸੀ। ਪਤਨੀ ਦੇ ਐਡਵੋਕੇਟ ਅਮਿਤ ਕੁਮਾਰ ਨੇ ਦਲੀਲ ਦਿੱਤੀ ਕਿ ਸਹੁਰੇ ਘਰ ‘ਚ ਉਸ ਨੂੰ ਤੰਗ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਸ ਨੇ ਘਰੇਲੂ ਹਿੰਸਾ ਐਕਟ ਦੇ ਅਧੀਨ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਅਤੇ ਆਪਣੇ ਭਰਾ ਨਾਲ ਰਹਿਣ ਲੱਗੀ।