ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਨੂੰ 10 ਦਿਨ ਗੁਜ਼ਰ ਚੁੱਕੇ ਹਨ ਪਰ ਹੁਣ ਤੱਕ ਸਿੱਧੂ ਦੀ ਸਰਕਾਰ ਵਿਚ ਵਾਪਸੀ ਨੂੰ ਲੈ ਕੇ ਕੁੱਝ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ। ਸਿੱਧੂ ਚੁੱਪ ਹਨ ਤਾਂ ਅਮਰਿੰਦਰ ਕਹਿੰਦੇ ਹਨ ਕਿ ਸਿੱਧੂ ਨੇ ਸੋਚਣ ਲਈ ਸਮਾਂ ਮੰਗਿਆ ਹੈ। ਹੁਣ ਤੱਕ ਕਾਂਗਰਸ ਵਿਚ ਕਿਸੇ ਵੀ ਪੱਧਰ ’ਤੇ ਸਿੱਧੂ ਨੂੰ ਲੈ ਕੇ ਕੋਈ ਹਲਚਲ ਨਹੀਂ ਹੋਈ ਹੈ। ਆਲਮ ਇਹ ਹੈ ਕਿ ਸਿੱਧੂ ਸਿਰਫ਼ ਟਵੀਟ ਰਾਹੀਂ ਆਪਣੀ ਗੱਲ ਰੱਖ ਰਹੇ ਹਨ, ਜਿਸ ਦੇ ਮਾਇਨੇ ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਕੱਢ ਰਿਹਾ ਹੈ। ਕੈਪਟਨ-ਸਿੱਧੂ ਵਿਚਾਲੇ ਲੰਚ ਅਤੇ ਚਾਹ ’ਤੇ 2 ਮੁਲਾਕਾਤਾਂ ਹੋਈਆਂ ਤਾਂ ਸਿੱਧੂ ਦੀਆਂ ਸੋਨੀਆ ਗਾਂਧੀ ਤੋਂ ਇਲਾਵਾ ਰਾਹੁਲ-ਪ੍ਰਿਯੰਕਾ ਨਾਲ ਵੀ ਕਰੀਬ ਦੋ ਸਾਲਾਂ ਵਿਚ ਕਈ ਬੈਠਕਾਂ ਹੋ ਚੁੱਕੀਆਂ ਹਨ।
ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਤਾਂ ਉਨ੍ਹਾਂ ਦੇ ਕਸੀਦੇ ਘੜ੍ਹਦੇ ਨਹੀਂ ਥੱਕਦੇ, ਕਦੇ ਉਨ੍ਹਾਂ ਨੂੰ ਕਾਂਗਰਸ ਦਾ ਭਵਿੱਖ ਕਹਿੰਦੇ ਹਨ ਤਾਂ ਕਦੇ ਰਾਫੇਲ ਦੱਸਦੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਕਾਂਗਰਸ ਵਿਚ ਭੂਮਿਕਾ ਤੈਅ ਨਹੀਂ ਹੋ ਸਕੀ। ਹੁਣ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਦੋਵਾਂ ਵਲੋਂ ਜੋ ਚੁੱਪੀ ਦਿਖਾਈ ਜਾ ਰਹੀ ਹੈ, ਉਹ ਦਰਅਸਲ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਹੈ। ਉਨ੍ਹਾਂ ਨੂੰ ਡਿਪਟੀ ਸੀ. ਐੱਮ. ਦਾ ਅਹੁਦਾ ਮਿਲੇ ਜਾਂ ਨਾ ਮਿਲੇ ਪਰ ਸਥਾਨਕ ਸਰਕਾਰਾਂ ਵਿਭਾਗ ਦੇ ਨਾਲ ਹੀ ਕੋਈ ਭਾਰੀ-ਭਰਕਮ ਵਿਭਾਗ ਜ਼ਰੂਰ ਮਿਲਣ ਜਾ ਰਿਹਾ ਹੈ। ਸਿੱਧੂ ਨੇ ਜਿਸ ਤਰ੍ਹਾਂ ਟਵੀਟ ਕਰ ਕੇ ਕਿਹਾ ਸੀ ਕਿ ਉਹ ਕੋਈ ਅਹੁਦਾ ਨਹੀਂ ਮੰਗ ਰਹੇ ਤਾਂ ਉਸ ਦਾ ਮਤਲਬ ਇਹੀ ਕੱਢਿਆ ਗਿਆ ਸੀ ਕਿ ਕੈਪਟਨ ਹੀ ਉਨ੍ਹਾਂ ਨੂੰ ਕੁੱਝ ਦੇਣ ਦੇ ਮੂਡ ਵਿਚ ਨਹੀਂ ਹਨ।
‘ਕੋਈ ਕੱਦਾਵਰ ਨੇਤਾ ਹੋਵੇ ਤਾਂ ਗੱਲ ਸਿਰੇ ਚੜ੍ਹੇ’
ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਨੂੰ ਕਿਹੜਾ ਅਹੁਦਾ, ਕਦੋਂ ਮਿਲੇਗਾ ਇਹ ਫ਼ੈਸਲਾ 10 ਮਿੰਟ ਵਿਚ ਹੋ ਸਕਦਾ ਹੈ ਬਸ਼ਰਤੇ ਕੋਈ ਸੀਨੀਅਰ ਲੀਡਰ ਵਿਚੋਲਗੀ ਕਰੇ। ਉਨ੍ਹਾਂ ਦਾ ਕਹਿਣਾ ਸੀ ਕਿ ਰਾਹੁਲ, ਪ੍ਰਿਯੰਕਾ ਜਾਂ ਸੋਨੀਆ ਗਾਂਧੀ ਆਹਮੋ-ਸਾਹਮਣੇ ਬਿਠਾ ਕੇ ਦੋਵਾਂ ਦੀ ਗੱਲ ਕਰਵਾ ਸਕਦੇ ਹਨ। ਉਕਤ ਨੇਤਾ ਦੀ ਟਿੱਪਣੀ ਸੀ ਕਿ ਕੈਪਟਨ ਅਮਰਿੰਦਰ ਆਪਣੇ ਕੁੱਝ ਖਾਸਮ-ਖਾਸਾਂ ਦੇ ਕਹਿਣ ’ਤੇ ਸਿੱਧੂ ਨਾਲ ਬੈਠਕ ਤਾਂ ਕਰ ਸਕਦੇ ਹਨ ਪਰ ਉਨ੍ਹਾਂ ਵਿਚ ਇੰਨਾ ਦਮਖਮ ਨਹੀਂ ਹੈ ਕਿ ਕੈਪਟਨ ਤੋਂ ਸਿੱਧੂ ਨੂੰ ਕੁਝ ਦਿਵਾ ਵੀ ਸਕਣ। ਅਜਿਹੇ ਵਿਚ ਸਿੱਧੂ ਨੂੰ ਅਜਿਹੇ ਲੋਕਾਂ ਰਾਹੀਂ ਅਮਰਿੰਦਰ ਤੱਕ ਪੁੱਜਣਾ ਚਾਹੀਦਾ ਹੈ, ਜਿਨ੍ਹਾਂ ਦੀ ਰਾਜਨੀਤਕ ਹੈਸੀਅਤ ਅਮਰਿੰਦਰ ਤੋਂ ਜ਼ਿਆਦਾ ਹੈ। ਅਮਰਿੰਦਰ ਕੋਲੋਂ ਸਿੱਧੂ ਨੂੰ ਸਨਮਾਨ ਉਦੋਂ ਮਿਲੇਗਾ ਜਦੋਂ ਕੋਈ ਕੱਦਾਵਰ ਨੇਤਾ ਨਾਲ ਹੋਵੇ।
‘ਸਿੱਧੂ ਨੂੰ ਅਹੁਦਾ ਹਾਈਕਮਾਨ ਨਹੀਂ ਕੈਪਟਨ ਹੀ ਦੇਣਗੇ’
ਪੰਜਾਬ ਵਿਚ ਕੈਪਟਨ ਖੇਮਾ ਸਭ ਤੋਂ ਮਜ਼ਬੂਤ ਹੈ ਅਤੇ ਇਹੀ ਮੰਨਿਆ ਜਾਂਦਾ ਹੈ ਕਿ ਇਹ ਖੇਮਾ ਨਵਜੋਤ ਸਿੱਧੂ ਨੂੰ ਖਾਸ ਤਵੱਜੋਂ ਨਹੀਂ ਦਿੰਦਾ। ਬੀਤੇ ਦਿਨੀਂ ਇੱਥੇ ਪ੍ਰੈੱਸ ਕਾਨਫਰੰਸ ਵਿਚ ਮੁੱਖ ਮੰਤਰੀ ਨੇ ਕਿਹਾ ਸੀ ਕਿ ਸਿੱਧੂ ਨੂੰ ਕੋਈ ਅਹੁਦਾ ਦੇਣਾ ਉਨ੍ਹਾਂ ਦੇ ਨਹੀਂ ਸਗੋਂ ਹਾਈਕਮਾਨ ਦੇ ਹੱਥ ਵਿਚ ਹੈ ਪਰ ਪਾਰਟੀ ਨੇਤਾ ਵੀ ਜਾਣਦੇ ਹਨ ਕਿ ਅਮਰਿੰਦਰ ਸਿੰਘ ਦੀ ਪੰਜਾਬ ਵਿਚ ਜਿੰਨੀ ਮਜ਼ਬੂਤ ਸਥਿਤੀ ਇਸ ਸਮੇਂ ਹੈ, ਉਸ ਦੇ ਚਲਦੇ ਹਾਈਕਮਾਨ ਉਨ੍ਹਾਂ ਤੋਂ ਜ਼ਬਰਨ ਕੁੱਝ ਨਹੀਂ ਕਰਵਾ ਸਕਦੀ। ਇਹ ਪੂਰੀ ਤਰ੍ਹਾਂ ਕੈਪਟਨ ਦੇ ਹੱਥ ਵਿਚ ਹੈ ਕਿ ਉਹ ਕਿਸ ਨੂੰ ਕਿਹੜਾ ਅਹੁਦਾ ਸੂਬਾ ਸਰਕਾਰ ਵਿਚ ਦੇਣਗੇ। ਇਸ ਤੋਂ ਸਾਫ਼ ਹੈ ਕਿ ਹਾਈਕਮਾਨ ਦੇ ਪਾਲੇ ਵਿਚ ਗੇਂਦ ਸੁੱਟ ਕੇ ਕੈਪਟਨ ਸਿੱਧੂ ਦੇ ਮਾਮਲੇ ਨੂੰ ਹੋਰ ਟਾਲਣਾ ਚਾਹੁੰਦੇ ਹਨ।
‘ਸਿੱਧੂ ਨੂੰ ਛੇਤੀ ਲੈਣਾ ਹੋਵੇਗਾ ਰਾਜਨੀਤਕ ਫ਼ੈਸਲਾ’
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਾਲ ਭਰ ਦਾ ਸਮਾਂ ਵੀ ਨਹੀਂ ਬਚਿਆ ਹੈ। ਅਜਿਹੇ ਵਿਚ ਨਵਜੋਤ ਸਿੱਧੂ ਨੂੰ ਰਾਜਨੀਤੀ ਵਿਚ ਆਪਣੀ ਸਾਖ ਕਾਇਮ ਰੱਖਣ ਲਈ ਛੇਤੀ ਕੋਈ ਠੋਸ ਫ਼ੈਸਲਾ ਲੈਣਾ ਹੋਵੇਗਾ ਕਿਉਂਕਿ ਉਨ੍ਹਾਂ ਕੋਲ ਬਦਲ ਵੀ ਜ਼ਿਆਦਾ ਨਹੀਂ ਹਨ। ਇਕ ਰਸਤਾ ਇਹ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਅਹੁਦਾ ਨਹੀਂ ਮਿਲ ਰਿਹਾ ਤਾਂ ਕਾਂਗਰਸ ਵਿਚ ਹੀ ਰਹਿ ਕੇ ਖੁਦ ਨੂੰ ਸੰਗਠਨ ਵਿਚ ਹੋਰ ਜ਼ਿਆਦਾ ਮਜ਼ਬੂਤ ਕਰਨ। ਕਾਂਗਰਸ ਵਿਚ ਰਹਿੰਦੇ ਹੀ ਉਨ੍ਹਾਂ ਕੋਲ ਦੇਰ-ਸਵੇਰ ਮੁੱਖ ਮੰਤਰੀ ਦੇ ਅਹੁਦੇ ’ਤੇ ਪੁੱਜਣਾ ਆਸਾਨ ਹੈ ਕਿਉਂਕਿ ਕੁੱਝ ਅਰਸੇ ਬਾਅਦ ਪਾਰਟੀ ਵਿਚ ਮੁੱਖ ਮੰਤਰੀ ਅਹੁਦੇ ਲਈ ਉਹ ਇਕ ਵੱਡਾ ਚਿਹਰਾ ਹੋਣਗੇ। ਇਸ ਲਈ ਹਾਈਕਮਾਨ ਤੱਕ ਉਨ੍ਹਾਂ ਦੀ ਸਿੱਧੀ ਪਹੁੰਚ ਦਾ ਲਾਭ ਵੀ ਅੱਗੇ ਜਾ ਕੇ ਮਿਲੇਗਾ।
‘ਸਮਰਥਕਾਂ ਦਾ ਸੁਝਾਅ : ਕਾਂਗਰਸ ’ਚ ਮਾਣ-ਸਨਮਾਨ ਨਹੀਂ ਮਿਲਦਾ ਤਾਂ ‘ਆਪ’ ਦਾ ਰੁਖ ਕਰਨਾ ਚਾਹੀਦਾ ਹੈ’
ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਇਹ ਸੁਝਾਅ ਦਿੰਦੇ ਆ ਰਹੇ ਹਨ ਕਿ ਕਾਂਗਰਸ ਵਿਚ ਮਾਣ-ਸਨਮਾਨ ਨਹੀਂ ਮਿਲਦਾ ਤਾਂ ਉਨ੍ਹਾਂ ਨੂੰ ‘ਆਪ’ ਦਾ ਰੁਖ ਕਰਨਾ ਚਾਹੀਦਾ ਹੈ। ‘ਆਪ’ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਸਿੱਧੂ ਦੇ ਆਉਣ ’ਤੇ ਸਵਾਗਤ ਕਰਨ ਦੀ ਗੱਲ ਕਹਿੰਦੇ ਹਨ ਪਰ ਸਿੱਧੂ ‘ਆਪ’ ਦੇ ਸੀ. ਐੱਮ. ਅਹੁਦੇ ਦੇ ਉਮੀਦਵਾਰ ਬਣਾਏ ਗਏ ਤਾਂ ਲੰਬੇ ਸਮੇਂ ਤੋਂ ਪਾਰਟੀ ਦਾ ਝੰਡਾ ਚੁੱਕੀ ਆ ਰਹੇ ਮਾਨ ਨੂੰ ਵੀ ਇਹ ਮਨਜ਼ੂਰ ਨਹੀਂ ਹੋਵੇਗਾ। ਮਾਨ ਦੀ ਪਾਰਟੀ ਦੇ ਦਿੱਲੀ ਕੈਂਪ ਵਿਚ ਪੈਠ ਕਿਸੇ ਤੋਂ ਲੁਕੀ ਨਹੀਂ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਪ੍ਰਤੀ ਕਈ ਪਾਰਟੀ ਵਿਧਾਇਕਾਂ ਦੇ ਅਸੰਤੋਸ਼ ਦੇ ਬਾਵਜੂਦ ਉਹ ਆਪਣੇ ਅਹੁਦੇ ’ਤੇ ਕਾਇਮ ਰਹੇ ਹਨ। ਕੁੱਝ ‘ਆਪ’ ਨੇਤਾ ਦਾਅਵਾ ਕਰਦੇ ਹਨ ਕਿ ਸਿੱਧੂ ਅਜਿਹੇ ਨਾਰਾਜ਼ ਨੇਤਾਵਾਂ ਨੂੰ ਪਾਰਟੀ ਵਿਚ ਵਾਪਸ ਲਿਆ ਸਕਦੇ ਹਨ। ਇਸ ਤੋਂ ਇਲਾਵਾ ਸਿੱਧੂ ਕਾਂਗਰਸ ਅਤੇ ਅਕਾਲੀ ਦਲ ਵਿਚ ਵੀ ਵੱਡਾ ਪਾੜ ਲਗਾਉਣ ਦਾ ਕੰਮ ਕਰ ਸਕਦੇ ਹਨ ਪਰ ਪੰਜ ਸਾਲਾਂ ਵਿਚ ਭਾਜਪਾ ਤੋਂ ਕਾਂਗਰਸ ਅਤੇ ਕਾਂਗਰਸ ਤੋਂ ‘ਆਪ’ ਵੱਲ ਰੁਖ ਕਰਨ ਨਾਲ ਉਨ੍ਹਾਂ ’ਤੇ ਮੌਕਾਪ੍ਰਸਤੀ ਅਤੇ ਦਲਬਦਲੂ ਦਾ ਠੱਪਾ ਵੀ ਲੱਗੇਗਾ, ਜਿਸ ਨੂੰ ਵਿਰੋਧੀ ਪਾਰਟੀਆਂ ਜ਼ੋਰ-ਸ਼ੋਰ ਨਾਲ ਉਠਾਉਣਗੀਆਂ।
‘ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵਿਚ ਇਕ ਵਰਗ ਚਾਹੁੰਦਾ ਹੈ ਵਾਪਸੀ’
ਤੀਜਾ ਬਦਲ ਭਾਰਤੀ ਜਨਤਾ ਪਾਰਟੀ ਹੈ। ਹਾਲਾਂਕਿ ਜਿਸ ਤਰ੍ਹਾਂ ਸੂਬੇ ਵਿਚ ਭਾਜਪਾ ਵਿਰੋਧੀ ਹਵਾ ਬਣੀ ਹੋਈ ਹੈ, ਉਸ ਦੇ ਚਲਦੇ ਫਿਲਹਾਲ ਨਵਜੋਤ ਸਿੰਘ ਸਿੱਧੂ ਅਜਿਹਾ ਕੋਈ ਕਦਮ ਚੁੱਕਣ ਤੋਂ ਗੁਰੇਜ਼ ਹੀ ਕਰਨਗੇ। ਸੂਤਰਾਂ ਦੀ ਮੰਨੀਏ ਤਾਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵਿਚ ਇਕ ਵੱਡਾ ਵਰਗ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਚਾਹੁੰਦਾ ਹੈ। ਉਨ੍ਹਾਂ ਦੀ ਦਲੀਲ਼ ਹੈ ਕਿ ਇਸ ਨਾਲ ਪਾਰਟੀ ਦੀ ਪੰਜਾਬ ਵਿਚ ਕਿਸੇ ਦਮਦਾਰ ਚਿਹਰੇ ਦੀ ਕਮੀ ਤਾਂ ਪੂਰੀ ਹੋਵੇਗੀ ਹੀ, ਕਿਸਾਨ ਅੰਦੋਲਨ ਕਾਰਣ ਸੂਬਾ ਇਕਾਈ ਵਿਚ ਨਵੀਂ ਜਾਨ ਵੀ ਆਵੇਗੀ ਪਰ ਇਸ ਲਈ ਕਿਸਾਨ ਅੰਦੋਲਨ ਦਾ ਕੋਈ ਸਾਰਥਕ ਹੱਲ ਨਿੱਕਲਣਾ ਬੇਹੱਦ ਜ਼ਰੂਰੀ ਹੈ।