SC ਦਾ ਵੱਡਾ ਫ਼ੈਸਲਾ, ਮੁਖਤਾਰ ਅੰਸਾਰੀ ਨੂੰ 2 ਹਫ਼ਤਿਆਂ ਅੰਦਰ UP ਜੇਲ੍ਹ ਸ਼ਿਫਟ ਕਰਨ ਦਾ ਦਿੱਤਾ ਆਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅਪਰਾਧ ਦੀ ਦੁਨੀਆ ਤੋਂ ਰਾਜਨੀਤੀ ‘ਚ ਆਏ ਮੁਖਤਾਰ ਅੰਸਾਰੀ ਦੀ ਹਿਰਾਸਤ ਉੱਤਰ ਪ੍ਰਦੇਸ਼ ਪੁਲਸ ਨੂੰ ਸੌਂਪ ਦੇਣ। ਜੱਜ ਅਸ਼ੋਕ ਭੂਸ਼ਣ ਅਤੇ ਜੱ ਆਰ.ਐੱਸ. ਰੈੱਡੀ ਦੀ ਬੈਂਚ ਨੇ ਰੂਪਨਗਰ ਜੇਲ੍ਹ ‘ਚ ਬੰਦ ਅੰਸਾਰੀ ਨੂੰ 2 ਹਫ਼ਤਿਆਂ ਅੰਦਰ ਉੱਤਰ ਪ੍ਰਦੇਸ਼ ਸੂਬੇ ਨੂੰ ਸੌਂਪਣ ਦਾ ਆਦੇਸ਼ ਦਿੱਤਾ। ਸੁਪਰੀਮ ਕੋਰਟ ਨੇ ਇਹ ਆਦੇਸ਼ ਉੱਤਰ ਪ੍ਰਦੇਸ਼ ਦੀ ਉਸ ਪਟੀਸ਼ਨ ‘ਤੇ ਦਿੱਤਾ, ਜਿਸ ‘ਚ ਅਪੀਲ ਕੀਤੀ ਗਈ ਸੀ ਕਿ ਪੰਜਾਬ ਸਰਕਾਰ ਅਤੇ ਰੂਪਨਗਰ ਜੇਲ੍ਹ ਦੇ ਅਧਿਕਾਰੀਆਂ ਨੂੰ ਅੰਸਾਰੀ ਨੂੰ ਤੁਰੰਤ ਜ਼ਿਲ੍ਹਾ ਜੇਲ੍ਹ, ਬਾਂਦਾ ਨੂੰ ਸੌਂਪਣ ਦਾ ਨਿਰਦੇਸ਼ ਦਿੱਤਾ ਜਾਵੇ।
ਪੰਜਾਬ ਸਰਕਾਰ ਨੇ 4 ਮਾਰਚ ਨੂੰ ਕੋਰਟ ‘ਚ ਕਿਹਾ ਸੀ ਕਿ ਯੋਗੀ ਆਦਿੱਤਿਯਨਾਥ ਸਰਕਾਰ ਨੂੰ ਇਹ ਅਪੀਲ ਕਰਨ ਦਾ ਕੋਈ ਮੌਲਿਕ ਅਧਿਕਾਰ ਨਹੀਂ ਹੈ ਕਿ ਅੰਸਾਰੀ ਨੂੰ ਰੂਪਨਗਰ ਜੇਲ੍ਹ ਤੋਂ ਬਾਂਦਾ ਜ਼ਿਲ੍ਹਾ ਭੇਜ ਦਿੱਤਾ ਜਾਵੇ। ਇਕ ਜ਼ਬਰਨ ਵਸੂਲੀ ਦੇ ਮਾਮਲੇ ‘ਚ ਜਨਵਰੀ 2019 ਤੋਂ ਜ਼ਿਲ੍ਹਾ ਜੇਲ੍ਹ ਰੂਪਨਗਰ ‘ਚ ਬੰਦ ਅੰਸਾਰੀ ਵਿਰੁੱਧ ਉੱਤਰ ਪ੍ਰਦੇਸ਼ ‘ਚ ਕਈ ਗੰਭੀਰ ਦੋਸ਼ ਹਨ। ਦੱਸਣਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਮੁਖਤਾਰ ਨੂੰ ਉੱਤਰ ਪ੍ਰਦੇਸ਼ ਦੀ ਜੇਲ੍ਹ ‘ਚ ਸ਼ਿਫਟ ਕੀਤੇ ਜਾਣ ਦੀ ਕਵਾਇਦ ਚੱਲ ਰਹੀ ਸੀ ਪਰ ਪੰਜਾਬ ਦਾ ਰੋਪੜ ਜੇਲ੍ਹ ਪ੍ਰਸ਼ਾਸਨ ਮੁਖਤਾਰ ਦੀ ਖ਼ਰਾਬ ਸਿਹਤ ਦਾ ਹਵਾਲਾ ਦਿੰਦਾ ਰਿਹਾ ਹੈ। ਇਸ ਮਾਮਲੇ ‘ਚ ਯੂ.ਪੀ. ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਸੀ। ਇੱਥੇ ਮੁਖਤਾਰ ਨੇ ਕਿਹਾ ਕਿ ਯੂ.ਪੀ. ‘ਚ ਮੈਨੂੰ ਜਾਨ ਦਾ ਖਤਰਾ ਹੈ।