ਕੋਰੋਨਾ ਕਾਲ ਦੌਰਾਨ ਲੋਕਾਂ ਦੀ ਮਦਦ ਲਈ ਦਿਨ-ਰਾਤ ਇੱਕ ਕਰਨ ਵਾਲੇ ਅਦਾਕਾਰ ਸੋਨੂੰ ਸੂਦ ਨੂੰ ਸਨਮਾਨਿਤ ਕਰਨ ਲਈ ਸਪਾਈਸਜੈੱਟ ਨੇ ਬੋਇੰਗ 737 ਜਹਾਜ਼ ‘ਤੇ ਉਨ੍ਹਾਂ ਦੀ ਤਸਵੀਰ ਲਗਾ ਕੇ ਉਨ੍ਹਾਂ ਨੂੰ ਸਲਾਮ ਕੀਤਾ ਹੈ। ਹੁਣ ਸੋਨੂੰ ਸੂਦ ਨੇ ਇਸ ‘ਤੇ ਭਾਵੁਕ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ”ਮੈਂ ਮੋਗੇ ਤੋਂ ਮੁੰਬਈ ਪਹਿਲੀ ਵਾਰ ਆਮ ਦਰਜੇ ਦੀ ਟਿਕਟ ਲੈ ਕੇ ਆਇਆ ਸੀ। ਤੁਹਾਡੇ ਸਾਰਿਆਂ ਦੇ ਪਿਆਰ ਲਈ ਧੰਨਵਾਦ, ਮੈਂ ਆਪਣੇ ਮਾਤਾ-ਪਿਤਾ ਨੂੰ ਬਹੁਤ ਯਾਦ ਕਰਦਾ ਹਾਂ।”
ਦੱਸ ਦੇਈਏ ਕਿ ਬੀਤੇ ਦਿਨੀਂ ਸਪਾਈਸਜੈੱਟ ਨੇ ਟਵਿਟਰ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇੱਕ ਮਿੰਟ 18 ਸੈਕਿੰਡ ਦੀ ਇਸ ਵੀਡੀਓ ‘ਚ ਜਹਾਜ ‘ਤੇ ਸੋਨੂੰ ਸੂਦ ਦੀ ਤਸਵੀਰ ਬਣਦੀ ਦਿਖਾਈ ਗਈ ਹੈ। ਕੋਰੋਨਾ ਕਾਲ ਦੌਰਾਨ ਸੋਨੂੰ ਸੂਦ ਨੇ ਸਪਾਈਸਜੈੱਟ ਨਾਲ ਮਿਲ ਕੇ ਕਿਰਗਿਜਸਤਾਨ ‘ਚ ਫ਼ਸੇ 1,500 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਵਾਪਿਸ ਲਿਆਉਣ ‘ਚ ਮਦਦ ਕੀਤੀ ਸੀ। ਇਸ ਦੇ ਚਲਦਿਆਂ ਸਪਾਈਸਜੈੱਟ ਨੇ ਸੋਨੂੰ ਸੂਦ ਦੇ ਸਨਮਾਨ ‘ਚ ਇਹ ਖ਼ਾਸ ਫ਼ਲਾਈਟ ਸਮਰਪਿਤ ਕੀਤੀ ਹੈ।
ਦੱਸਣਯੋਗ ਹੈ ਕਿ ਸੋਨੂੰ ਸੂਦ ਨੇ ਤਾਲਾਬੰਦੀ ਦੌਰਾਨ ਮਜ਼ਦੂਰਾਂ ਦੀ ਵੱਡੇ ਪੱਧਰ ‘ਤੇ ਮਦਦ ਕੀਤੀ ਸੀ। ਸੋਨੂੰ ਸੂਦ ਨੇ ਆਪਣੇ ਖ਼ਰਚੇ ‘ਤੇ ਹਜ਼ਾਰਾਂ ਮਜਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਸੀ। ਸੋਨੂੰ ਸੂਦ ਖ਼ੁਦ ਇਸ ਕੰਮ ਨੂੰ ਸੰਭਾਲ ਰਹੇ ਸਨ। ਕਈ ਮਜਦੂਰਾਂ ਨੇ ਉਨ੍ਹਾਂ ਨੂੰ ਭਗਵਾਨ ਤਕ ਦਾ ਦਰਜਾ ਦੇ ਦਿੱਤਾ ਸੀ। ਸੋਨੂੰ ਸੂਦ ਨੇ ਜੋ ਕੀਤਾ ਉਸ ਦੀ ਦੇਸ਼ ਦੁਨੀਆਂ ‘ਚ ਖ਼ੂਬ ਚਰਚਾ ਹੋਈ। ਉਹ ਅਜੇ ਵੀ ਲੋਕਾਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਰੋਜਾਨਾ ਮਦਦ ਮੰਗ ਰਹੇ ਲੋਕਾਂ ਦੇ ਟਵੀਟਸ ਦਾ ਜਵਾਬ ਦਿੰਦੇ ਹਨ ਅਤੇ ਉਨ੍ਹਾਂ ਦੀ ਮਦਦ ਕਰਦੇ ਹਨ।