ਰਮੀਜ਼ ਰਾਜ਼ ਦਾ ਕਹਿਣੈ – ਭਾਰਤ-ਪਾਕਿ ਵਿਚਾਲੇ ਵਰਲਡ ਟੈੱਸਟ ਚੈਂਪੀਅਨਸ਼ਿਪ ਤਹਿਤ ਹੋਵੇ ਸੀਰੀਜ਼

ਨਵੀਂ ਦਿੱਲੀ – ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਕੌਮੈਂਟੇਟਰ ਰਮੀਜ਼ ਰਾਜਾ ਨੇ ਭਾਰਤ ਅਤੇ ਪਾਕਿਸਤਾਨ ਦੇ ਇੱਕ-ਦੂਜੇ ਖ਼ਿਲਾਫ਼ ਟੈੱਸਟ ਸੀਰੀਜ਼ ਖੇਡਣ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਦੇਸ਼ਾਂ ਨੂੰ ਵਰਲਡ ਟੈੱਸਟ ਚੈਂਪੀਅਨਸ਼ਿਪ ਦੇ ਅਗਲੇ ਗੇੜ ‘ਚ ਜ਼ਰੂਰ ਖੇਡਣਾ ਚਾਹੀਦਾ ਹੈ। ਯੂ-ਟਿਊਬ ਚੈਨਲ ਕ੍ਰਿਕਟ ਬਜ਼ ‘ਤੇ ਗੱਲਬਾਤ ਕਰਦੇ ਹੋਏ ਰਾਜਾ ਨੇ ਕਿਹਾ ਕਿ WTC ਲਈ ਵੱਖ ਤੋਂ ਵਿੰਡੋ ਹੋਣੀ ਚਾਹੀਦੀ ਹੈ ਤਾਂ ਜੋ ਸਾਰੀਆਂ ਟੀਮਾਂ ਇੱਕ ਦੂਜੇ ਖ਼ਿਲਾਫ਼ ਖੇਡ ਸਕਣ ਅਤੇ ਇਸ ਦੇ ਜ਼ਰੀਏ ਖੇਡ ਦੇ ਲੰਬੇ ਫ਼ੌਰਮੈਟ ‘ਚ ਹੋਰ ਜ਼ਿਆਦਾ ਸਪੌਂਸਰਸ਼ਿਪ ਨੂੰ ਆਕਰਸ਼ਿਤ ਕੀਤਾ ਜਾ ਸਕੇ।
ਰਾਜਾ ਨੇ ਕਿਹਾ ਕਿ WTC ਦਾ ਮੌਜੂਦਾ ਫ਼ੌਰਮੈਟ ਇਕਪਾਸੜ ਅਤੇ ਕਾਫ਼ੀ ਲੰਬਾ ਹੈ। ਇਸ ‘ਚ ਟੀਮਾਂ ਇਕੋ ਬਰਾਬਰ ਮੈਚ ਨਹੀਂ ਖੇਡਦੀਆਂ। ਨਾਲ ਹੀ ਪੁਆਇੰਟ ਸਿਸਟਮ ਵੀ ਅਜੀਬ ਹੈ। ਇਸ ਟੈੱਸਟ ਚੈਂਪੀਅਨਸ਼ਿਪ ਲਈ ਘੱਟੋ-ਘੱਟ ਤਿੰਨ ਮਹੀਨਿਆਂ ਦੀ ਵਿੰਡੋ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ WTC ਤਹਿਤ ਭਾਰਤ-ਪਾਕਿਸਤਾਨ ਵਿਚਾਲੇ ਸੀਰੀਜ਼ ਨਾ ਹੋਣਾ ਵੀ ਸਮਝ ਤੋਂ ਪਰੇ ਹੈ। ਪਾਕਿਸਤਾਨ ਦੇ ਸਾਬਕਾ ਕਪਤਾਨ ਮੁਤਾਬਿਕ ਜੇਕਰ ਤੁਸੀਂ ਟੈੱਸਟ ਕ੍ਰਿਕਟ ਨੂੰ ਲੋਕਪ੍ਰਿਯ ਤੇ ਇਸ ‘ਚ ਜ਼ਿਆਦਾ ਸਪੌਂਸਪਰਸ਼ਿਪ ਚਾਹੁੰਦੇ ਹੋ ਤਾਂ ਅਗਲੀ ਵਾਰ ਜਦੋਂ ਵੀ ਵਰਲਡ ਟੈੱਸਟ ਚੈਂਪੀਅਨਸ਼ਿਪ ਹੋਵੇ ਤਾਂ ਉਸ ਦੌਰਾਨ ਕੋਈ ਦੂਜਾ ਟੂਰਨਾਮੈਂਟ ਨਹੀਂ ਹੋਣਾ ਚਾਹੀਦਾ। ਟੈੱਸਟ ‘ਚ ਸਪੌਂਸਰਸ਼ਿਪ ਓਦੋਂ ਆਵੇਗੀ ਜਦੋਂ ਤੁਸੀਂ ਸਪੌਂਸਰਜ਼ ਨੂੰ ਪੈਸਾ ਲਗਾਉਣ ਦਾ ਕੋਈ ਦੂਜਾ ਬਦਲ ਹੀ ਨਹੀਂ ਮਿਲੇਗਾ।
ਭਾਰਤ-ਨਿਊ ਜ਼ੀਲੈਂਡ ਵਿਚਾਲੇ ਹੋਵੇਗਾ WTC ਦਾ ਫ਼ਾਈਨਲ
ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਹਾਲ ਹੀ ‘ਚ ਇੰਗਲੈਂਡ ਨੂੰ ਟੈੱਸਟ ਸੀਰੀਜ਼ ‘ਚ 3-1 ਨਾਲ ਹਰਾਕੇ ਵਰਲਡ ਟੈੱਸਟ ਚੈਂਪੀਅਨਸ਼ਿਪ ਦੇ ਫ਼ਾਈਨਲ ‘ਚ ਜਗ੍ਹਾ ਬਣਾ ਲਈ ਹੈ ਜਿੱਥੇ ਉਸ ਦਾ ਸਾਹਮਣਾ ਨਿਊ ਜ਼ੀਲੈਂਡ ਨਾਲ ਹੋਵੇਗਾ। WTC ਦਾ ਫ਼ਾਈਨਲ ਇਸ ਸਾਲ 18 ਜੂਨ ਤੋਂ ਇੰਗਲੈਂਡ ਦੇ ਸਾਊਥੈਂਪਟਨ ‘ਚ ਖੇਡਿਆ ਜਾਵੇਗਾ।